ਨਵੀਂ ਦਿੱਲੀ : ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਾਰਤੀ ਨੂੰ 24 ਮਾਰਚ ਤੱਕ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਸੀ.ਬੀ.ਆਈ. ਨੇ ਸੋਮਵਾਰ ਨੂੰ ਅਦਾਲਤ ਤੋਂ ਕਾਰਤੀ ਦੀ ਕਸਟਡੀ ਵਧਾਉਣ ਦੀ ਮੰਗ ਕੀਤੀ, ਜਿਸ ਦੇ ਜਵਾਬ 'ਚ ਕਾਰਤੀ ਦੇ ਵਕੀਲ ਨੇ ਆਪਣੇ ਮੁਵਕਿਲ ਨੂੰ ਤੁਰੰਤ ਜ਼ਮਾਨਤ ਦੇਣ ਦੀ ਗੁਜਾਰਿਸ਼ ਕੀਤੀ। ਕਾਰਤੀ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਸੀ.ਬੀ.ਆਈ. ਨੇ ਕਿਹਾ ਕਿ ਉਹ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਕਾਰਤੀ ਚਿਦਾਂਬਰਮ ਨੂੰ 28 ਫਰਵਰੀ ਨੂੰ ਚੇਨਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ।
ਪਿਛਲੇ ਸਾਲ 15 ਮਈ ਨੂੰ ਦਰਜ ਹੋਈ ਇਕ ਐੱਫ.ਆਈ.ਆਰ. ਦੇ ਸਿਲਸਿਲੇ 'ਚ ਉਨ੍ਹਾਂ ਨੂੰ ਬ੍ਰਿਟੇਨ ਤੋਂ ਆਉਣ ਤੋਂ ਬਾਅਦ ਏਅਰਪੋਰਟ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸੇ ਦਿਨ ਤੋਂ ਉਹ ਸੀ.ਬੀ.ਆਈ. ਦੀ ਕਸਟਡੀ 'ਚ ਸਨ। ਕਾਰਤੀ ਦਾ ਦੋਸ਼ ਹੈ ਕਿ 2007 'ਚ ਵਿਦੇਸ਼ ਤੋਂ 305 ਕਰੋੜ ਰੁਪਏ ਪਾਉਣ ਲਈ ਕਾਰਕਤੀ ਨੇ ਆਈ.ਐੱਨ.ਐਕਸ. ਮੀਡੀਆ ਦੇ ਮਾਲਕਾਂ ਦੀ ਮਦਦ ਕੀਤੀ। 2007 'ਚ ਕਾਰਤੀ ਦੇ ਪਿਤਾ ਵਿੱਤ ਮੰਤਰੀ ਸਨ। ਆਈ.ਐੱਨ.ਐਕਸ. ਮੀਡੀਆ ਦੀ ਮਾਲਕ ਇੰਦਰਾਣੀ ਮੁਖਰਜੀ ਨੇ 17 ਫਰਵਰੀ ਨੂੰ ਇਸ ਮਾਮਲੇ 'ਚ ਇਕਬਾਲੀਆ ਬਿਆਨ ਦਿੱਤਾ। ਉਸੇ ਆਧਾਰ 'ਤੇ ਕਾਰਤੀ ਦੀ ਗ੍ਰਿਫਤਾਰੀ ਹੋਈ।