ਕਾਸਗੰਜ: ਗਣਤੰਤਰ ਦਿਵਸ ਮੌਕੇ ਯੂਪੀ ਦੇ ਕਾਸਗੰਜ ਵਿਚ ਦੋ ਤਬਕਿਆਂ ਵਿਚ ਹੋਈ ਝੜਪ ਮਗਰੋਂ ਇਲਾਕੇ ਵਿਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਹਾਲਾਤ ਸੁਧਾਰਨ ਦੇ ਉਪਾਵਾਂ ਬਾਰੇ ਚਰਚਾ ਲਈ ਅੱਜ ਸ਼ਾਂਤੀ ਕਮੇਟੀ ਦੀ ਬੈਠਕ ਹੋਈ। ਅਲੀਗੜ੍ਹ ਜ਼ੋਨ ਦੇ ਡੀਜੀਪੀ ਸੰਜੀਵ ਕੁਮਾਰ ਗੁਪਤਾ ਨੇ ਦਸਿਆ ਕਿ ਹਾਲਾਤ ਨੂੰ ਠੀਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਹਾਲਾਂਕਿ ਅੱਜ ਸ਼ਹਿਰ ਦੇ ਨਦਰਈ ਗੇਟ ਇਲਾਕੇ ਦੇ ਬਾਕਨੇਰ ਕੋਲ ਗੁਮਟੀ ਵਿਚ ਅੱਗ ਲਾ ਦਿਤੀ ਗਈ। ਇਸੇ ਦੌਰਾਨ ਹਿੰਸਾ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਅੱਖ ਖ਼ਰਾਬ ਹੋ ਗਈ ਹੈ। ਡਾਕਟਰਾਂ ਮੁਤਾਬਕ ਸ਼ੁਕਰਵਾਰ ਦੀ ਰਾਤ ਨੂੰ ਦਾਖ਼ਲ ਕਰਵਾਏ ਗਏ 31 ਸਾਲਾ ਮੁਹੰਮਦ ਅਕਰਮ ਦੀ ਅੱਖ ਵਿਚ ਗੰਭੀਰ ਸੱਟਾਂ ਸਨ। ਡਾਕਟਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਅੱਖ ਨਹੀਂ ਬਚਾਈ ਜਾ ਸਕੀ।