ਕਸ਼ਮੀਰ 'ਚ ਸੀਆਰਪੀਐਫ਼ ਕੈਂਪ 'ਤੇ ਗ੍ਰੇਨੇਡ ਹਮਲਾ, ਪੰਜ ਸੁਰੱਖਿਆ ਮੁਲਾਜ਼ਮ ਜ਼ਖ਼ਮੀ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 24 ਸਤੰਬਰ : ਉਤਰੀ ਕਸ਼ਮੀਰ ਵਿਚ ਅਤਿਵਾਦੀਆਂ ਦੇ ਗ੍ਰੇਨੇਡ ਹਮਲੇ ਵਿਚ ਅੱਜ ਪੰਜ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਨੇ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ਵਿਚ ਸੀਆਰਪੀਐਫ਼ ਦੇ ਕੈਂਪ 'ਤੇ ਹਮਲਾ ਕਰ ਦਿਤਾ। ਅਤਿਵਾਦੀਆਂ ਨੇ ਵਾਹਨ 'ਤੇ ਗ੍ਰੇਨੇਡ ਸੁਟਿਆ ਪਰ ਚੌਕਸ ਪੁਲਿਸ ਅਧਿਕਾਰੀ ਨੇ ਵਿਸਫੋਟਕ ਸੁੱਟ ਕੇ ਕਈ ਜਾਨਾਂ ਬਚਾ ਲਈਆਂ।
ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਗ੍ਰੇਨੇਡ ਹਮਲੇ ਵਿਚ ਪੰਜ ਸੁਰੱਖਿਆ ਮੁਲਾਜ਼ਮ, ਦੋ ਐਸਪੀਓ ਅਤੇ ਤਿੰਨ ਸੀਆਰਪੀਐਫ਼ ਜਵਾਨ ਜ਼ਖ਼ਮੀ ਹੋ ਗਏ। ਬੁਲਾਰੇ ਨੇ ਦਸਿਆ, 'ਐਸਪੀਓ ਨੇ ਗ੍ਰੇਨੇਡ ਨੂੰ ਸੁਰੱਖਿਅਤ ਜਗ੍ਹਾ 'ਤੇ ਸੁੱਟ ਦਿਤਾ ਜਿਸ ਨਾਲ ਉਸ ਦੇ ਸਾਥੀਆਂ ਅਤੇ ਨਾਗਰਿਕਾਂ ਦੀ ਜਾਨ ਬਚ ਗਈ। ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ਅੰਦਰ ਗ੍ਰੇਨੇਡ ਸੁਟਿਆ ਸੀ।' ਡੀਜੀਪੀ ਐਸ ਪੀ ਵੈਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਤਿਵਾਦੀਆਂ ਦੀ ਗ੍ਰੇਨੇਡ ਤਕ ਪਹੁੰਚ ਵਧਣ ਕਾਰਨ ਗ੍ਰੇਨੇਡ ਸੁੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਕਸ ਐਸਪੀਓ ਨੇ ਵੱਡਾ ਹਾਦਸਾ ਟਾਲ ਦਿਤਾ।
ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਸਪੀਓ ਦੀ ਕਾਰਵਾਈ ਦੀ ਤਾਰੀਫ਼ ਕੀਤੀ ਅਤੇ ਉਸ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕੀਤੀ। (ਏਜੰਸੀ)