ਕਸ਼ਮੀਰ ਲਈ ਸਾਬਕਾ ਆਈਬੀ ਮੁਖੀ ਹੋਣਗੇ ਕੇਂਦਰ ਦੇ ਵਾਰਤਾਕਾਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 23 ਅਕਤੂਬਰ :ਖ਼ੁਫ਼ੀਆ ਵਿਭਾਗ ਦੇ ਸਾਬਕਾ ਮੁਖੀ ਦਿਨੇਸ਼ਵਰ ਸ਼ਰਮਾ ਜੰਮੂ ਕਸ਼ਮੀਰ ਮਸਲੇ 'ਤੇ ਗੱਲ ਕਰਨ ਲਈ ਕੇਂਦਰ ਦੇ ਨਵੇਂ ਵਾਰਤਾਕਾਰ ਹੋਣਗੇ। ਰਾਸ਼ਟਰਪਤੀ ਭਵਨ ਨੇ ਇਸ ਸਬੰਧੀ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। ਸ਼ਰਮਾ ਨੂੰ ਕੈਬਨਿਟ ਸਕੱਤਰ ਦਾ ਦਰਜਾ ਦਿਤਾ ਗਿਆ ਹੈ। ਸ਼ਰਮਾ ਭਾਰਤੀ ਪੁਲਿਸ ਸੇਵਾ ਦੇ 1979 ਦੇ ਛੁੱਟੀ ਪ੍ਰਾਪਤ ਅਧਿਕਾਰੀ ਹਨ। ਸ਼ਰਮਾ ਇਹ ਤੈਅ ਕਰਨਗੇ ਕਿ ਉਹ ਕਿਸ ਨਾਲ ਗੱਲ ਕਰਨਾ ਚਾਹੁੰਦੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਨਿਯੁਕਤੀ ਦਾ ਐਲਾਨ ਕੀਤਾ। ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਕੱਢਣ ਲਈ ਸਰਕਾਰ ਲਗਾਤਾਰ ਗੱਲਬਾਤ ਦੀ ਕੋਸ਼ਿਸ਼ ਕਰੇਗੀ। ਕਾਹਲੀ 'ਚ ਬੁਲਾਏ ਗਏ

 ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਗੁਪਤਚਰ ਬਿਊਰੋ ਦੇ ਸਾਬਕਾ ਨਿਰਦੇਸ਼ਕ ਦਿਨੇਸ਼ਵਰ ਸ਼ਰਮਾ ਕੇਂਦਰ ਸਰਕਾਰ ਦੇ ਪ੍ਰਤੀਨਿਧ ਹੋਣਗੇ ਜਿਹੜੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਨਗੇ। ਸ਼ਰਮਾ ਨੇ ਦਸੰਬਰ 2014 ਤੋਂ 2016 ਵਿਚਕਾਰ ਗੁਪਤਚਰ ਬਿਊਰੋ ਦੇ ਨਿਰਦੇਸ਼ਕ ਵਜੋਂ ਅਪਣੀਆਂ ਸੇਵਾਵਾਂ ਦਿਤੀਆਂ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਹੁਰੀਅਤ ਨਾਲ ਕਾਨਫ਼ਰੰਸ ਨਾਲ ਗੱਲਬਾਤ ਕਰਨਗੇ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਰਮਾ ਇਹ ਤੈਅ ਕਰਨਗੇ ਕਿ ਉਹ ਕਿਸ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਦਿਵਸ ਦੇ ਭਾਸ਼ਨ ਮੁਤਾਬਕ ਇਹ ਕਦਮ ਚੁਕਿਆ ਗਿਆ ਹੈ। (ਏਜੰਸੀ)