ਕਸ਼ਮੀਰ ਮਸਲੇ 'ਤੇ ਕਾਂਗਰਸ ਤੇ ਬੀਜੇਪੀ ਸਰਕਾਰ 'ਚ ਖੜਕੀ

ਖ਼ਬਰਾਂ, ਰਾਸ਼ਟਰੀ

ਬੰਗਲੌਰ, 29 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਸਿਆਸੀ ਹਮਲਾ ਕਰਦਿਆਂ ਅੱਜ ਕਿਹਾ ਕਿ ਕਾਂਗਰਸ ਕਸ਼ਮੀਰ ਮਾਮਲੇ 'ਚ ਵੱਖਵਾਦੀਆਂ ਅਤੇ ਪਾਕਿਸਤਾਨ ਦੀ ਭਾਸ਼ਾ ਬੋਲ ਰਹੀ ਹੈ। ਪ੍ਰਧਾਨ ਮੰਤਰੀ ਦੇ ਨਿਸ਼ਾਨੇ 'ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਕਸ਼ਮੀਰ ਵਾਲਾ ਬਿਆਨ ਰਿਹਾ। 

ਮੋਦੀ ਨੇ ਕਿਹਾ ਕਿ ਕਾਂਗਰਸ ਦੇ ਬਿਆਨਾਂ ਤੋਂ ਲਗਦਾ ਹੈ ਕਿ ਉਸ ਨੇ ਨਾ ਸੁਧਰਨ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ, 'ਜਿਹੜੇ ਕਲ ਤਕ ਸੱਤਾ ਵਿਚ ਬੈਠੇ ਸਨ, ਉਹ ਅੱਜ ਅਚਾਨਕ ਕਸ਼ਮੀਰ ਦੀ ਆਜ਼ਾਦੀ ਨਾਲ ਅਪਣਾ ਸੁਰ ਮਿਲਾ ਰਹੇ ਹਨ। ਕੀ ਇਸ ਨਾਲ ਦੇਸ਼ ਦਾ ਭਲਾ ਹੋ ਸਕਦਾ ਹੈ?

ਪ੍ਰਧਾਨ ਮੰਤਰੀ ਇਕ ਦਿਨਾ ਕਰਨਾਟਕ ਦੌਰੇ ਤਹਿਤ ਬਿਦਰ ਪਹੁੰਚੇ। ਇਥੇ ਉਨ੍ਹਾਂ ਬਿਦਰ-ਕਲਾਬੁਰਗੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ। ਫਿਰ ਉਨ੍ਹਾਂ ਕਿਹਾ ਕਿ ਅਸੀਂ ਤਿੰਨ ਲੱਖ ਕੰਪਨੀਆਂ ਦਾ ਕਾਲਾ ਕਾਰੋਬਾਰ ਬੰਦ ਕੀਤਾ ਪਰ ਮੋਦੀ ਦਾ ਕਿਤੇ ਵੀ ਪੁਤਲਾ ਨਹੀਂ ਸਾੜਿਆ ਗਿਆ।

ਕੋਈ ਆਵਾਜ਼ ਨਹੀਂ ਉਠੀ। ਮੋਦੀ ਨੇ ਕਿਹਾ ਕਿ ਜਿਸ ਮਾਂ ਨੇ ਅਪਣੇ ਲਾਲ ਦਾ ਬਲੀਦਾਨ ਦਿਤਾ ਹੈ, ਜਿਸ ਭੈਣ ਨੇ ਭਰਾ ਗਵਾਇਆ ਹੈ, ਜਿਹੜੇ ਬੱਚਿਆਂ ਦਾ ਪਿਤਾ ਮਾਰਿਆ ਗਿਆ ਹੈ, ਉਹ ਜਵਾਬ ਮੰਗਣਗੇ ਤੇ ਕਾਂਗਰਸ ਨੂੰ ਹਰ ਪਲ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਰਹੀਏ ਜਾਂ ਨਾ ਪਰ ਅਸੀਂ ਦੇਸ਼ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ।        

ਉਨ੍ਹਾਂ ਕਿਹਾ ਕਿ ਇਹ ਸਰਦਾਰ ਵੱਲਭ ਭਾਈ ਪਟੇਲ ਦੀ ਧਰਤੀ ਹੈ। ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਹੋਣ ਵੀ ਨਹੀਂ ਦੇਵਾਂਗੇ। ਪ੍ਰਧਾਨ ਮੰਤਰੀ ਨੇ ਸਰਜੀਕਲ ਹਮਲੇ ਦੇ ਮੁੱਦੇ 'ਤੇ ਇਕ ਵਾਰ ਫਿਰ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, 'ਸਰਜੀਕਲ ਹਮਲੇ ਵਿਚ ਜਵਾਨਾਂ ਨੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿਤੇ।

ਸਾਰੇ ਭਾਰਤ ਲਈ ਮਾਣ ਵਾਲੀ ਗੱਲ ਸੀ ਪਰ ਕਾਂਗਰਸ ਨੇ ਉਲਟ ਗੱਲਾਂ ਕੀਤੀਆਂ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਉਸ ਨੇ ਕਦੇ ਵੀ ਸੁਧਰਨਾ ਨਹੀਂ। ਉਨ੍ਹਾਂ ਕਿਹਾ, 'ਜਿਹੜੇ ਸੱਤਾ ਵਿਚ ਏਨੇ ਸਾਲ ਰਹੇ, ਜਿਨ੍ਹਾਂ 'ਤੇ ਦੇਸ਼ ਦੀ ਜਨਤਾ ਨੇ ਭਰੋਸਾ ਕੀਤਾ, ਉਹ ਅਜਿਹੇ ਨਿਕਲਣਗੇ, ਕਿਸੇ ਨੇ ਸੋਚਿਆ ਵੀ ਨਹੀਂ ਸੀ।' (ਏਜੰਸੀ)