ਕਸ਼ਮੀਰ ਵਿਚ ਇਕ ਜਵਾਨ ਹਲਾਕ, ਤਿੰਨ ਅਤਿਵਾਦੀ ਮਾਰ-ਮੁਕਾਏ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 21 ਨਵੰਬਰ : ਜੰਮੂ ਅਤੇ ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਤਿੰਨ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਹੈ। ਇਹ ਸਾਂਝੀ ਕਾਰਵਾਈ ਸੀਆਰਪੀਐਫ਼ ਅਤੇ ਫ਼ੌਜ ਨੇ ਕੀਤੀ। ਘਟਨਾ ਹੰਦਵਾੜਾ ਦੀ ਹੈ। ਇਕ ਹੋਰ ਥਾਂ ਜਿਰਹਾਮਾ ਵਿਚ ਵੀ ਸੁਰੱਖਿਆ ਬਲਾਂ ਅਤੇ ਜਵਾਨਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਫ਼ੌਜੀ ਜਵਾਨ ਮਾਰਿਆ ਗਿਆ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ। ਆਈਜੀਪੀ ਕਸ਼ਮੀਰ ਮੁਨੀਰ ਖ਼ਾਨ ਨੇ ਕਿਹਾ ਕਿ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲਣ ਮਗਰੋਂ ਸਾਂਝੀ ਕਾਰਵਾਈ ਕੀਤੀ ਗਈ। ਉਨ੍ਹਾਂ ਦਸਿਆ, 'ਪਤਾ ਲੱਗਾ ਸੀ ਕਿ ਮੇਗਾਮ ਵਿਚ ਅਤਿਵਾਦੀ ਲੁਕੇ ਹੋਏ ਹਨ। ਅਸੀਂ ਅੱਧੀ ਰਾਤ ਨੂੰ ਮੁਹਿੰਮ ਸ਼ੁਰੂ ਕੀਤੀ। 

ਅਤਿਵਾਦੀ ਕਿਸੇ ਘਰ ਵਿਚ ਲੁਕੇ ਹੋਏ ਸਨ। ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਪਰ ਉਹ ਗੋਲੀਆਂ ਚਲਾਉਂਦੇ ਰਹੇ। ਅਖ਼ੀਰ ਜਵਾਬੀ ਗੋਲੀਬਾਰੀ ਵਿਚ ਤਿੰਨ ਅਤਿਵਾਦੀ ਮਾਰ ਦਿਤੇ ਗਏ। ਮੁਕਾਬਲਾ ਡੇਢ ਘੰਟੇ ਚਲਿਆ।' ਉਨ੍ਹਾਂ ਦਸਿਆ ਕਿ ਅਤਿਵਾਦੀਆਂ ਕੋਲੋਂ ਭਾਰੀ ਮਿਕਦਾਰ ਵਿਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਏਕੇ 47 ਵੀ ਬਰਾਮਦ ਕੀਤੀ ਗਈ ਹੈ। ਸਨਿਚਰਵਾਰ ਨੂੰ ਲਸ਼ਕਰੇ ਦੇ ਛੇ ਅਤਿਵਾਦੀ ਮਾਰ ਦਿਤੇ ਗਏ ਸਨ ਜਿਨ੍ਹਾਂ ਵਿਚ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ੀ ਲਖਵੀ ਦਾ ਭਤੀਜਾ ਵੀ ਸ਼ਾਮਲ ਸੀ। (ਏਜੰਸੀ)