ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦੀ ਝੜਪ 'ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
ਸ੍ਰੀਨਗਰ, 9 ਜਨਵਰੀ : ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਅੱਜ ਦੋ ਅਤਿਵਾਦੀ ਮਾਰੇ ਗਏ। ਫ਼ੌਜ ਦੇ ਅਧਿਕਾਰੀ ਨੇ ਦਸਿਆ, 'ਅਨੰਤਨਾਗ ਜ਼ਿਲ੍ਹੇ ਵਿਚ ਕੋਕੇਰਨਾਗ ਦੇ ਲਾਰਨੂ ਇਲਾਕੇ ਵਿਚ ਅਤਿਵਾਦ ਵਿਰੋਧੀ ਮੁਹਿੰਮ ਵਿਚ ਹੁਣ ਤਕ ਦੋ ਅਤਿਵਾਦੀ ਮਾਰੇ ਗਏ ਹਨ।' ਉਨ੍ਹਾਂ ਦਸਿਆ ਕਿ ਆਖ਼ਰੀ ਰੀਪੋਰਟ ਆਉਣ ਤਕ ਮੁਕਾਬਲਾ ਚੱਲ ਰਿਹਾ ਸੀ। ਮ੍ਰਿਤਕ ਅਤਿਵਾਦੀਆਂ ਦੀ ਪਛਾਣ ਹਾਲੇ ਨਹੀਂ ਹੋਈ। ਇਸੇ ਦੌਰਾਨ ਮੁਕਾਬਲੇ ਮਗਰੋਂ ਜੰਮੂ ਕਸ਼ਮੀਰ ਦੇ ਕੁਲਗਾਮ
ਜ਼ਿਲ੍ਹੇ ਵਿਚ ਝੜਪ ਦੌਰਾਨ ਸੁਰੱਖਿਆ ਬਲਾਂ ਵਲੋਂ ਕਥਿਤ ਤੌਰ 'ਤੇ ਚਲਾਈ ਗੋਲੀ ਨਾਲ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਲਾਗਲੇ ਇਲਾਕੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਮਗਰੋਂ ਝੜਪ ਹੋਈ ਸੀ। ਅਧਿਕਾਰੀਆਂ ਨੇ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਕਥਿਤ ਗੋਲੀ ਵਿਚ ਖਾਲਿਦ ਡਾਰ ਅਤੇ ਯਾਸਿਰ ਕਯੂਮ ਜ਼ਖ਼ਮੀ ਹੋ ਗਏ। ਅਨੰਤਨਾਗ ਦੇ ਕੋਕਰਨਾਗ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਅਨੰਤਨਾਗ ਦੇ ਹਪਸਤਾਲ ਵਿਚ ਲਿਜਾਇਆ ਗਿਆ ਜਿਥੇ ਖਾਲਿਦ ਨੂੰ ਮ੍ਰਿਤਕ ਐਲਾਨ ਦਿਤਾ ਗਿਆ। (ਏਜੰਸੀ)