ਕਤਲ ਹੋਏ ਬੱਚੇ ਦੇ ਮਾਪਿਆਂ ਨੇ ਸਕੂਲ ਨੇੜਲਾ ਠੇਕਾ ਫੂਕਿਆ, ਲਾਠੀਚਾਰਜ

ਖ਼ਬਰਾਂ, ਰਾਸ਼ਟਰੀ



ਗੁੜਗਾਉਂ, 10 ਸਤੰਬਰ : ਦੋ ਦਿਨ ਪਹਿਲਾਂ ਕਤਲ ਕੀਤੇ ਗਏ ਦੂਜੀ ਜਮਾਤ ਦੇ ਮੁੰਡੇ ਦੇ ਮਾਪਿਆਂ ਅਤੇ ਆਮ ਲੋਕਾਂ ਨੇ ਅੱਜ ਜ਼ਬਰਦਸਤ ਪ੍ਰਦਰਸ਼ਨ ਕੀਤਾ। ਲੋਕਾਂ ਨੇ ਰਿਆਨ ਇੰਟਰਨੈਸ਼ਨਲ ਸਕੂਲ ਨੇੜਲਾ ਸ਼ਰਾਬ ਦਾ ਠੇਕਾ ਫੂਕ ਦਿਤਾ ਜਿਸ ਤੋਂ ਬਾਅਦ ਪੁਲਿਸ ਨੇ ਰੋਹ ਵਿਚ ਆਏ ਲੋਕਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰ ਦਿਤਾ।

ਲਾਠੀਚਾਰਜ ਵਿਚ ਪੱਤਰਕਾਰਾਂ ਸਮੇਤ ਕਈ ਜਣੇ ਜ਼ਖ਼ਮੀ ਹੋ ਗਏ। ਲੋਕਾਂ ਨੇ ਪਹਿਲਾਂ ਪੱਥਰ ਸੁੱਟੇ ਤੇ ਬਾਅਦ ਵਿਚ ਠੇਕੇ ਨੂੰ ਅੱਗ ਲਾ ਦਿਤੀ। ਸਕੂਲ ਦੇ ਬਾਹਰ ਇਕੱਠੇ ਹੋਏ ਲੋਕ ਕਹਿ ਰਹੇ ਸਨ ਕਿ ਸਕਿਉਰਟੀ ਗਾਰਡ ਕਈ ਵਾਰ ਸ਼ਰਾਬ ਪੀ ਕੇ ਆਉਂਦੇ ਹਨ ਅਤੇ ਕਤਲ ਕਰਨ ਵਾਲਾ ਕੰਡਕਟਰ ਵੀ ਨਸ਼ਾ ਕਰਦਾ ਸੀ ਅਤੇ ਸਕੂਲ ਲਾਗੇ ਹੀ ਸ਼ਰਾਬ ਦਾ ਠੇਕਾ ਖੁਲ੍ਹਿਆ ਹੋਇਆ ਹੈ।

ਲੋਕਾਂ ਨੇ ਕਿਹਾ ਕਿ ਸਕੂਲ ਲਾਗੇ ਹੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਮਿਲੀਆਂ। ਸਕੂਲ ਦੇ ਮਾਲਕ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ। ਸ਼ੁਕਰਵਾਰ ਨੂੰ ਦੂਜੀ ਜਮਾਤ ਦੇ 7 ਸਾਲਾ ਬੱਚੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਗਈ। ਦੇਰ ਰਾਤ ਪੁਲਿਸ ਨੇ ਬੱਸ ਕੰਡਕਟਰ ਅਸ਼ੋਕ ਸਮੇਤ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਅਸ਼ੋਕ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ੍ਵ (ਏਜੰਸੀ)