ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਗੋਲੀਬਾਰੀ, ਦੋ ਕੁਲੀ ਜ਼ਖ਼ਮੀ

ਖ਼ਬਰਾਂ, ਰਾਸ਼ਟਰੀ

ਜੰਮੂ, 7 ਸਤੰਬਰ : ਪਾਕਿਸਤਾਨੀ ਫ਼ੌਜੀਆਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਅੱਜ ਛੋਟੇ ਅਤੇ ਸਵੈਚਲਿਤ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਵਿਚ ਭਾਰਤੀ ਫ਼ੌਜ ਲਈ ਕੰਮ ਕਰਨ ਵਾਲੇ ਦੋ ਕੁਲੀ ਜ਼ਖ਼ਮੀ ਹੋ ਗਏ।
ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਪਾਕਿਸਤਾਨੀ ਫ਼ੌਜੀਆਂ ਨੇ ਕੰਟਰੋਲ ਰੇਖਾ ਲਾਗੇ ਅੱਜ ਸਵੇਰੇ ਕਰੀਬ 11.45 ਵਜੇ ਛੋਟੇ ਅਤੇ ਸਵੈਚਲਿਤ ਹਥਿਆਰਾਂ ਨਾਲ ਬਿਨਾਂ ਕਿਸੇ ਕਾਰਨ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਗੋਲੀਬਾਰੀ ਵਿਚ ਦੋ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਸਰਹੱਦ 'ਤੇ ਤੈਨਾਤ ਭਾਰਤੀ ਜਵਾਨਾਂ ਨੇ ਗੋਲੀਬਾਰੀ ਦਾ ਪ੍ਰਭਾਵੀ ਅਤੇ ਠੋਕਵਾਂ ਜਵਾਬ ਦਿਤਾ। ਉਨ੍ਹਾਂ ਮੁਤਾਬਕ 11.55 ਵਜੇ ਗੋਲੀਬਾਰੀ ਰੁਕ ਗਈ। ਇਸ ਤੋਂ ਪਹਿਲਾਂ ਚਾਰ ਸਤੰਬਰ ਨੂੰ ਪਾਕਿਸਤਾਨੀ ਫ਼ੌਜੀਆਂ ਨੇ ਪੁੰਛ ਜ਼ਿਲ੍ਹੇ ਵਿਚ ਦੇਗਵਾਰ ਅਤੇ ਮਲਦਾਲਯਨ ਇਲਾਕਿਆਂ ਵਿਚ ਦੋ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਸੀ।