ਕੌਮਾਂਤਰੀ ਪੂੰਜੀ ਸੂਚਕ ਅੰਕ 'ਚ ਭਾਰਤ 103ਵੇਂ ਸਥਾਨ 'ਤੇ, ਨਾਰਵੇ ਸਿਖਰ 'ਤੇ

ਖ਼ਬਰਾਂ, ਰਾਸ਼ਟਰੀ



ਨਿਊਯਾਰਕ, 13 ਸਤੰਬਰ: ਵਿਸ਼ਵ ਆਰਥਕ ਮੰਚ (ਡਬਲਿਯੂ.ਈ.ਐਫ਼.) ਦੇ ਕੌਮਾਂਤਰੀ ਮਨੁੱਖੀ ਪੂੰਜੀ ਸੂਚਕਅੰਕ 'ਚ ਭਾਰਤ 103ਵੇਂ ਸਥਾਨ 'ਤੇ ਹੈ ਅਤੇ ਇਸ ਮਾਮਲੇ 'ਚ ਬ੍ਰਿਕਸ ਦੇਸ਼ਾਂ 'ਚ ਸੱਭ ਤੋਂ ਹੇਠਾਂ ਹੈ। ਸੂਚੀ 'ਚ ਨਾਰਵੇ ਸਿਖਰਲੇ ਸਥਾਨ 'ਤੇ ਹੈ।

ਏਨਾ ਹੀ ਨਹੀਂ ਰੁਜ਼ਗਾਰ ਦੇ ਮਾਮਲੇ 'ਚ ਇਸਤਰੀ-ਪੁਰਸ਼ ਨਾਬਰਾਬਰੀ ਦੇ ਸੰਦਰਭ 'ਚ ਵੀ ਭਾਰਤ ਦੁਨੀਆਂ ਦੇ ਸਿਖਰਲੇ ਦੇਸ਼ਾਂ 'ਚ ਹੇਠਲੀ ਪੌੜੀ ਉਤੇ ਹੈ। ਹਾਲਾਂਕਿ ਭਵਿੱਖ ਲਈ ਜ਼ਰੂਰੀ ਮੁਹਾਰਤ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੀ ਸਥਿਤੀ ਕੁੱਝ ਬਿਹਤਰ ਦਿਸਦੀ ਹੈ। ਇਸ ਮਾਮਲੇ 'ਚ 130 ਦੇਸ਼ਾਂ ਦੀ ਸੂਚੀ 'ਚ ਉਹ 65ਵੇਂ ਸਥਾਨ 'ਤੇ ਹੈ।

ਜਿਨੇਵਾ ਸਥਿਤੀ ਡਬਲਿਯੂ.ਈ.ਐਫ਼. ਨੇ ਇਹ ਸੂਚੀ ਤਿਆਰ ਕੀਤੀ ਹੈ। ਇਸ 'ਚ ਲੋਕਾਂ ਕੋਲ ਗਿਆਨ ਅਤੇ ਮੁਹਾਰਤ ਉਤੇ ਧਿਆਨ ਦਿਤਾ ਗਿਆ ਹੈ ਜੋ ਉਨ੍ਹਾਂ ਨੂੰ ਕੋਮਾਂਤਰੀ ਅਰਥਕ ਪ੍ਰਣਾਲੀ 'ਚ ਕੀਮਤ ਸਿਰਜਣ ਕਰਨ ਦੇ ਕਾਬਲ ਬਣਾਉਂਦੀ ਹੈ। ਇਸੇ ਆਧਾਰ 'ਤੇ ਦੇਸ਼ ਦੀ ਮਨੁੱਖੀ ਪੂੰਜੀ ਦਰਜਾਬੰਦੀ ਮਾਪੀ ਗਈ ਹੈ। ਪਿਛਲੇ ਸਾਲ ਭਾਰਤ ਇਸ ਸੂਚੀ 'ਚ 105ਵੇਂ ਸਥਾਨ 'ਤੇ ਸੀ ਜਦਕਿ ਫ਼ਿਨਲੈਂਡ ਸਿਖਰ ਉਤੇ ਸੀ। ਪਰ ਇਸ ਵਾਰੀ ਫ਼ਿਨਲੈਂਡ ਦੂਜੇ ਸਥਾਨ ਉਤੇ ਆ ਗਿਆ।

ਡਬਲਿਯੂ.ਈ.ਐਫ਼. ਨੇ ਕਿਹਾ ਕਿ ਭਾਰਤ ਬ੍ਰਿਕਸ ਦੇ ਮੈਂਬਰ ਦੇਸ਼ਾਂ ਦੇ ਮੁਤਾਬਲੇ ਵੀ ਹੇਠਲੇ ਪੌੜੀ ਉਤੇ ਹੈ। ਉਭਰਦੇ ਅਰਥਚਾਰੇ ਵਾਲੇ ਦੇਸ਼ਾਂ ਦੇ ਸੰਗਠਨ ਬ੍ਰਿਕਸ 'ਚ ਰੂਸ ਸੱਭ ਤੋਂ ਉੱਪਰ 16ਵੇਂ ਸਥਾਨ 'ਤੇ ਹੈ। ਚੀਨ 34ਵੇਂ, ਬ੍ਰਾਜ਼ੀਲ 77ਵੇਂ ਅਤੇ ਦਖਣੀ ਅਫ਼ਰੀਕਾ 87ਵੇਂ ਸਥਾਨ 'ਤੇ ਹੈ। ਦਖਣੀ ਏਸ਼ੀਆਈ ਦੇਸ਼ਾਂ 'ਚ ਸ੍ਰੀਲੰਕਾ ਅਤੇ ਨੇਪਾਲ ਵੀ ਭਾਰਤ ਤੋਂ ਅੱਗੇ ਹਨ। ਹਾਲਾਂਕਿ ਬੰਗਲਾਦੇਸ਼ ਅਤੇ ਪਾਕਿਸਤਾਨ ਭਾਰਤ ਤੋਂ ਪਿੱਛੇ ਹਨ।

ਡਬਲਿਯੂ.ਈ.ਐਫ਼. ਨੇ ਕਿਹਾ ਕਿ ਭਾਰਤ ਕਈ ਕਾਰਨਾਂ ਕਰ ਕੇ ਪਿੱਛੇ ਰਿਹਾ। ਇਸ 'ਚ 25 ਤੋਂ 54 ਸਾਲ ਦੇ ਲੋਕਾਂ ਦੀ ਸਿਖਿਆ ਦਾ ਘੱਟ ਤੋਂ ਘੱਟ ਪੱਧਰ ਅਤੇ ਮਨੁੱਖੀ ਪੂੰਜੀ ਦਾ ਘੱਟ ਪ੍ਰਯੋਗ ਸ਼ਾਮਲ ਹੈ। ਇਸ ਦਾ ਮਤਲਬ ਹੈ ਕਿ ਜੋ ਮੁਹਾਰਤ ਮੌਜੂਦ ਹੈ ਉਸ ਦਾ ਬਿਹਤਰ ਪ੍ਰਯੋਗ ਨਹੀਂ ਹੋ ਰਿਹਾ। ਹਾਲਾਂਕਿ ਇਕ ਆਧੁਨਿਕ ਭਾਰਤ ਦਾ ਸੂਰਜ ਚੜ੍ਹ ਰਿਹਾ ਹੈ।
ਜਦੋਂ ਗੱਲ ਭਵਿੱਖ ਦੇ ਮੁਹਾਰਤ ਵਿਕਾਸ ਦੀ ਆਉਂਦੀ ਹੈ ਤਾਂ ਦੇਸ਼ ਦਾ ਪ੍ਰਦਰਸ਼ਨ ਬਿਹਤਰ ਹੈ ਅਤੇ 130 ਦੇਸ਼ਾਂ ਦੀ ਸੂਚੀ 'ਚ ਉਹ 65ਵੇਂ ਸਥਾਨ 'ਤੇ ਹੈ। ਕੰਮ 'ਚ ਵਿਸ਼ੇਸ਼ ਤਰ੍ਹਾਂ ਦੀ ਮੁਹਾਰਤ ਦੇ ਵਿਕਾਸ 'ਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਡਬਲਿਯੂ.ਈ.ਐਫ਼. ਨੇ ਕਿਹਾ ਕਿ ਭਾਰਤ ਸਾਹਮਣੇ ਬਹੁਤ ਚੁਨੌਤੀਆਂ ਹਨ ਪਰ ਅਜਿਹਾ ਲਗਦਾ ਹੈ ਕਿ ਉਹ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ।  (ਪੀਟੀਆਈ)