ਮੁੰਬਈ: ਅਮਰੀਕਾ ਦੀ ਮੀਡੀਆ ਕੰਪਨੀ 'ਵਾਈਸ' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ 'ਤੇ ਆਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਂ 'ਐਨ ਸਿਗਨੀਫਿਕੈਂਟ ਮੈਨ' ਹੈ। ਖੁਸ਼ਬੂ ਰਾਂਕਾ ਅਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇਕ ਗੈਰ-ਕਾਲਪਨਿਕ ਫਿਲਮ ਹੈ ਜੋ ਸਮਾਜ ਸੇਵਕ ਤੋਂ ਲੈ ਕੇ ਰਾਜਨੇਤਾ ਬਣੇ ਅਰਵਿੰਦ ਕੇਜਰੀਵਾਲ ਦੇ ਭਾਰਤੀ ਸਿਆਸਤ ਦੇ ਦਿਸਹੱਦੇ ਤੇ ਉਭਾਰ ਨੂੰ ਦਰਸਾਉਂਦੀ ਹੈ।
ਇਸ ਫਿਲਮ ਨੂੰ ਮਾਸਟਰ ਪੀਸ ਦੱਸਦੇ ਹੋਏ ਵਾਈਸ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਫਿਲਮ ਨੂੰ ਪੂਰੇ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਕਰਨ ਲਈ ਨਿਰਮਾਤਾ ਆਨੰਦ ਗਾਂਧੀ ਦੀ ਮੇਮਿਸਿਸ ਲੈਬ ਨਾਲ ਹਿੱਸੇਦਾਰੀ ਕਰਨਗੇ।
ਵਾਈਸ ਡਾਕੂਮੈਂਟਰੀ ਫਿਲਮ ਦੇ ਕਾਰਜਕਾਰੀ ਨਿਰਮਾਤਾ ਜੇਸਨ ਮੋਜਿਕਾ ਨੇ ਕਿਹਾ ਕਿ ਮੈਂ 'ਐਨ ਸਿਗਨੀਫਿਕੈਂਟ ਮੈਨ' ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2016 ਵਿਚ ਦੇਖੀ ਅਤੇ ਮੈਨੂੰ ਲੱਗਾ ਕਿ ਇਹ ਫਿਲਮ ਮਾਰਸ਼ਲ ਕਰੀ ਦੀ ਸਟ੍ਰੀਟ ਫਾਈਟ ਦੇ ਬਾਅਦ ਜ਼ਮੀਨੀ ਸਿਆਸਤ 'ਤੇ ਬਣੀ ਸਭ ਤੋਂ ਬਿਹਤਰੀਨ ਡਾਕੂਮੈਂਟਰੀ ਫਿਲਮ ਹੈ। ਉਨ੍ਹਾਂ ਨੇ ਫਿਲਮ ਰਿਲੀਜ਼ ਕਰਨ ਲਈ ਫਿਲਮ ਨਿਰਮਾਤਾਵਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਅਰਵਿੰਦ ਕੇਜਰੀਵਾਲ ਤੋਂ ਮਨਜ਼ੂਰੀ ਲਈ ਪੱਤਰ (ਐੱਨ. ਓ. ਸੀ.) ਲੈਣ ਨੂੰ ਕਿਹਾ ਸੀ।
ਹਾਲਾਂਕਿ ਸੌਦੇ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 22 ਤੋਂ ਜ਼ਿਆਦਾ ਦੇਸ਼ਾਂ ਵਿੱਚ ਵਿਖਾਈ ਜਾਵੇਗੀ। ਮੇਮਿਸਿਸ ਲੈਬ ਦੇ ਆਨੰਦ ਗਾਂਧੀ ਨੇ ਕਿਹਾ, ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਫਿਲਮ ਵਿਖਾਈ ਜਾਵੇਗੀ, ਜਿਸਨੂੰ ਵੇਖਕੇ ਲੋਕ ਸਮਝ ਪਾਉਣਗੇ ਕਿ ਰਾਜਨੀਤਕ ਦਲਾਂ ਵਿੱਚ ਬੰਦ ਦਰਵਾਜਿਆਂ ਦੇ ਪਿੱਛੇ ਕੀ ਹੁੰਦਾ ਹੈ। ਇਹ ਫਿਲਮ ਭਾਰਤ ਵਿੱਚ 17 ਨਵੰਬਰ ਨੂੰ ਰਿਲੀਜ ਹੋਵੇਗੀ।