ਕੇਜਰੀਵਾਲ ਵਲੋਂ 5 ਹਜ਼ਾਰ ਤੋਂ ਵੱਧ ਕਮਰੇ ਵਿਦਿਆਰਥੀਆਂ ਨੂੰ ਸਮਰਪਤ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਅਕਤੂਬਰ (ਅਮਨਦੀਪ ਸਿੰਘ): ਸਿਖਿਆ ਦੇ ਪਿੜ ਵਿਚ ਇਨਕਲਾਬੀ ਸੁਧਾਰਾਂ ਨੂੰ ਅੱਗੇ ਵਧਾਉਂਦਿਆਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅੱਜ ਸਰਕਾਰੀ ਸਕੂਲਾਂ ਦੇ 5 ਹਜ਼ਾਰ 695 ਨਵੇਂ ਕਮਰੇ ਵਿਦਿਆਰਥੀਆਂ ਨੂੰ ਸਮਰਪਤ ਕਰਦਿਆਂ ਭਵਿੱਖ ਵਿਚ ਹੋਰ ਮਿਸਾਲੀ ਕਦਮ ਪੁੱਟਣ ਦਾ ਭਰੋਸਾ ਦਿਤਾ। ਦਿੱਲੀ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਅੱਜ ਇਲਾਕੇ ਦੇ ਵਿਧਾਇਕਾਂ ਨੇ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ। ਪੂਰਬੀ ਦਿੱਲੀ ਵਿਚਲੇ ਮੰਡਾਵਲੀ ਇਲਾਕੇ ਦੇ ਸਰਵੋਦਿਆ ਕੰਨਿਆ ਵਿਦਿਆਲੇ ਵਿਖੇ ਨਵੇਂ ਕਮਰਿਆਂ ਦੇ ਉਦਘਾਟਨ ਦੌਰਾਨ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲੇ ਗੇੜ ਵਿਚ  ਸਰਕਾਰੀ ਸਕੂਲਾਂ ਵਿਦ 8 ਹਜ਼ਾਰ ਕਮਰੇ ਬਣਵਾਉਣੇ ਸਨ ਜਿਨ੍ਹਾਂ 'ਚੋਂ ਸਾਢੇ ਪੰਜ ਹਜ਼ਾਰ ਕਮਰੇ ਅੱਜ ਤਿਆਰ ਹੋ ਗਏ ਹਨ, ਬਾਕੀ ਇਕ ਦੋ ਮਹੀਨਿਆਂ ਵਿਚ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ 10 ਹਜ਼ਾਰ ਕਮਰੇ ਹੋਰ ਤਿਆਰ ਕੀਤੇ ਜਾ ਰਹੇ ਹਨ, ਜੋ ਇਕ ਡੇਢ ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਣਗੇ। ਸਿਖਿਆ ਵਿਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਸਿਸੋਦੀਆ ਨੇ ਦਸਿਆ ਕਿ ਕਮਰਿਆਂ ਵਿਚ ਵਾਧਾ ਕਰਨ ਦੇ ਪ੍ਰਾਜੈਕਟ ਦੇ ਪੂਰਾ ਹੋ ਜਾਣ ਨਾਲ ਹੁਣ ਵਿਦਿਆਰਥੀਆਂ ਨੂੰ ਪਹਿਲਾਂ ਦੇ 30 ਹਜ਼ਾਰ ਕਮਰਿਆਂ ਦੀ ਥਾਂ ਹੁਣ 48 ਹਜ਼ਾਰ ਕਮਰੇ ਪੜ੍ਹਾਈ ਲਈ ਮਿਲ ਜਾਣਗੇ। 

ਉਨਾਂ੍ਹ ਪੂਰਬੀ ਦਿੱਲੀ ਦੇ ਹੀ ਇਕ ਸਕੂਲ ਦਾ ਹਵਾਲਾ ਦਿੰਦਿਆਂ ਦਸਿਆ ਕਿ ਉਥੇ 174 ਬੱਚਿਆਂ ਨੂੰ ਇਕ ਜਮਾਤ ਦੇ ਇਕ ਕਮਰੇ ਵਿਚ ਪੜ੍ਹਾਇਆ ਜਾਂਦਾ ਸੀ, ਜਦੋਂ ਕਿ 40 ਤੋਂ ਵੱਧ ਬੱਚੇ ਇਕ ਕਮਰੇ ਵਿਚ ਨਹੀਂ ਹੋਣੇ ਚਾਹੀਦੇ, ਅਜਿਹੇ ਹਾਲਾਤ ਵਿਚ ਬੱਚੇ ਸਕੂਲ ਦੀ ਬਜਾਏ ਪਾਰਕ, ਬਸ ਸਟਾਪ ਜਾਂ ਬਾਹਰ ਦੁਕਾਨਾਂ 'ਤੇ ਹੀ ਬੈਠਣਗੇ, ਜੋਕਿ ਖ਼ਤਰਨਾਕ ਰੁਝਾਨ ਹੈ। ਇਸੇ ਕਰ ਕੇ, ਸਰਕਾਰ ਨੇ ਹੋਰ ਕਮਰੇ ਵਿਦਿਆਰਥੀਆਂ ਦੀ ਸਹੂਲਤ ਲਈ ਬਣਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦਿਲ ਲਾ ਕੇ ਪੜ੍ਹਾਈ ਕਰਨ ਤੇ ਮਿਸਾਲ ਪੈਦਾ ਕਰਨ ਦੀ ਨਸੀਹਤ ਵੀ ਦਿਤੀ। ਮੌਕੇ 'ਤੇ ਹੀ ਹਾਜ਼ਰ ਬੱਚਿਆਂ ਦੇ ਮਾਪਿਆਂ ਦੇ ਵਿਚਾਰ ਵੀ ਸੁਣੇ ਤੇ ਹਾਜ਼ਰ ਅਫ਼ਸਰਾਂ ਨੂੰ ਇਸ ਸਬੰਧੀ ਰੀਪੋਰਟ ਦੇਣ ਦੀ ਹਦਾਇਤ ਦਿਤੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਆਈ ਐਸੋਚੈਮ ਦੀ ਇਕ ਰੀਪੋਰਟ ਵਿਚ ਦਿੱਲੀ ਸਰਕਾਰ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਗਈ ਸੀ ਕਿ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁਕਣ ਲਈ ਸਰਕਾਰ ਪੂਰੀ ਤਨਦੇਹੀ ਨਾਲ ਪੁਲਾਂਘਾ ਪੁੱਟ ਰਹੀ ਹੈ। ਰੀਪੋਰਟ ਵਿਚ ਦਸਿਆ ਗਿਆ ਸੀ ਕਿ 60 ਫ਼ੀ ਸਦੀ ਮਾਪਿਆਂ ਨੂੰ ਇਸ ਗੱਲੋਂ ਤਸੱਲੀ ਹੈ ਕਿ  ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਧੀਆਂ ਢੰਗ  ਨਾਲ ਪੜ੍ਹਾਇਆ ਜਾ ਰਿਹਾ ਹੈ ਤੇ ਹੋਰ ਸਰਗਰਮੀਆਂ ਵਿਚ ਵਾਧਾ ਕੀਤਾ ਹੈ।