ਕੇਂਦਰੀ ਵਜ਼ਾਰਤ ਦਾ ਵਿਸਤਾਰ : ਚਾਰ ਕੈਬਨਿਟ ਮੰਤਰੀਆਂ ਤੇ 9 ਰਾਜ ਮੰਤਰੀਆਂ ਨੇ ਚੁਕੀ ਸਹੁੰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 3 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੀ ਵਜ਼ਾਰਤ ਦਾ ਵਿਸਤਾਰ ਕਰ ਦਿਤਾ। ਸਹੁੰ ਚੁੱਕ ਸਮਾਗਮ ਅੱਜ ਸਵੇਰੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਹੋਇਆ। ਵਜ਼ਾਰਤ ਵਿਚ 9 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ 4 ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਮੋਦੀ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਵਿਚ ਇਹ ਤੀਜਾ ਵਜ਼ਾਰਤੀ ਵਾਧਾ ਹੈ। ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਤੇ ਕਈ ਮੰਤਰੀਆਂ ਦੀ ਛੁੱਟੀ ਕਰ ਦਿਤੀ ਗਈ ਹੈ। ਉਮਾ ਭਾਰਤੀ ਦਾ ਵਿਭਾਗ ਬਦਲ ਦਿਤਾ ਗਿਆ ਹੈ ਜਿਸ ਕਾਰਨ ਉਹ ਨਾਰਾਜ਼ ਹੈ ਤੇ ਸਮਾਗਮ ਵਿਚ ਵੀ ਨਹੀਂ ਪਹੁੰਚੀ। ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵੀ ਸਮਾਗਮ ਵਿਚ ਨਜ਼ਰ ਨਹੀਂ ਆਏ। ਉਂਜ ਕਿਹਾ ਇਹ ਗਿਆ ਕਿ ਉਹ ਕਿਸੇ ਹੋਰ ਥਾਈਂ ਮਸਰੂਫ਼ ਸਨ।
ਨਿਰਮਲਾ ਸੀਤਾਰਮਨ, ਮੁਖ਼ਤਾਰ ਅੱਬਾਸ ਨਕਵੀ, ਪਿਯੂਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਦਾ ਦਰਜਾ ਵਧਾ ਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ 9 ਨਵੇਂ ਆਗੂਆਂ ਨੂੰ ਰਾਜ ਮੰਤਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਅਨੰਤ ਕੁਮਾਰ ਹੇਗੜੇ, ਸਤਿਆਪਾਲ ਸਿੰਘ, ਆਰ ਕੇ ਸਿੰਘ, ਵੀਰੇਂਦਰ ਕੁਮਾਰ, ਹਰਦੀਪ ਸਿੰਘ ਪੁਰੀ, ਅਲਫ਼ਾਂਸੋ ਕਨਾਥਮ, ਸ਼ਿਵ ਪ੍ਰਤਾਪ ਸ਼ੁਕਲਾ, ਅਸ਼ਵਨੀ ਕੁਮਾਰ ਚੌਬੇ, ਗਜੇਂਦਰ ਸਿੰਘ ਸ਼ੇਖ਼ਾਵਤ ਸ਼ਾਮਲ ਹਨ।
ਨਿਰਮਲਾ ਸੀਤਾਰਮਨ ਨੂੰ ਰਖਿਆ ਮੰਤਰੀ ਦਾ ਜ਼ਿੰਮਾ ਦਿਤਾ ਗਿਆ ਹੈ। ਉਹ ਇੰਦਰਾ ਗਾਂਧੀ ਤੋਂ ਬਾਅਦ ਦੂਜੀ ਮਹਿਲਾ ਰਖਿਆ ਮੰਤਰੀ ਹੋਵੇਗੀ। ਸੁਰੇਸ਼ ਪ੍ਰਭੂ ਕੋਲੋਂ ਰੇਲ ਮੰਤਰਾਲਾ ਲੈ ਕੇ ਪਿਯੂਸ਼ ਗੋਇਲ ਨੂੰ ਦਿਤਾ ਗਿਆ ਹੈ। ਗੋਇਲ ਕੋਲ ਰੇਲ ਮੰਤਰਾਲੇ ਤੋਂ ਇਲਾਵਾ ਕੋਲਾ ਮੰਤਰਾਲਾ ਵੀ ਹੋਵੇਗਾ। ਸੁਰੇਸ਼ ਪ੍ਰਭੂ ਨੂੰ ਹੁਣ ਵਣਜ ਮੰਤਰਾਲਾ ਦਿਤਾ ਗਿਆ ਹੈ।
ਮੁਖ਼ਤਾਰ ਅੱਬਾਸ ਨਕਵੀ ਦੀ ਤਰੱਕੀ ਹੋਈ ਹੈ। ਉਨ੍ਹਾਂ ਨੂੰ ਘੱਟਗਿਣਤੀ ਮੰਤਰਾਲੇ ਦੀ ਪੂਰੀ ਜ਼ਿੰਮੇਵਾਰੀ ਦਿਤੀ ਗਈ ਹੈ। ਮੋਦੀ ਵਜ਼ਾਰਤ ਵਿਚ 9 ਨਵੇਂ ਮੰਤਰੀਆਂ ਵਿਚੋਂ ਤਿੰਨ ਨੂੰ ਸੁਤੰਤਰ ਕਾਰਜਭਾਰ ਦੀ ਜ਼ਿੰਮੇਵਾਰੀ ਦਿਤੀ ਗਈ ਹੈ ਤੇ 6 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਉਮਾ ਭਾਰਤੀ ਕੋਲੋਂ ਜਲ ਸਰੋਤ ਮੰਤਰਾਲਾ ਲੈ ਕੇ ਸਫ਼ਾਈ ਅਤੇ ਪੀਣਯੋਗ ਜਲ ਮੰਤਰਾਲਾ ਦਿਤਾ ਗਿਆ ਹੈ। ਉਮਾ ਭਾਰਤੀ ਵਾਲਾ ਮੰਤਰਾਲਾ ਨਿਤਿਨ ਗਡਕਰੀ ਨੂੰ ਦਿਤਾ ਗਿਆ ਹੈ ਜਦਕਿ ਉਸ ਕੋਲ ਪਹਿਲਾਂ ਸੜਕ ਮੰਤਰਾਲਾ ਹੈ। ਸਮਰਿਤੀ ਇਰਾਨੀ ਨੂੰ ਕਪੜਾ ਮੰਤਰਾਲੇ ਦੇ ਨਾਲ-ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੀ ਦਿਤਾ ਗਿਆ ਹੈ। ਰਾਜਵਰਧਨ ਸਿੰਘ ਰਾਠੌਰ ਨੂੰ ਖੇਡ ਮੰਤਰਾਲੇ ਦਾ ਵਾਧੂ ਕਾਰਜਭਾਰ ਦਿਤਾ ਗਿਆ ਹੈ।
ਵਜ਼ਾਰਤ ਵਿਚ ਅੱਜ ਹੀ ਸ਼ਾਮਲ ਹੋਏ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਵਿੱਤ ਰਾਜ ਮੰਤਰੀ, ਹਰਦੀਪ ਸਿੰਘ ਪੁਰੀ ਨੂੰ ਮਕਾਨ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ, ਅਸ਼ਵਨੀ ਚੌਬੇ ਨੂੰ ਸਿਹਤ ਰਾਜ ਮੰਤਰੀ ਅਤੇ ਵੀਰੇਂਦਰ ਕੁਮਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ। ਅਨੰਤ ਕੁਮਾਰ ਹੇਗੜੇ ਨੂੰ ਕੌਸ਼ਲ ਵਿਕਾਸ ਰਾਜ ਮੰਤਰੀ ਬਣਾਇਆ ਗਿਆ ਹੈ। ਸਤਿਆਪਾਲ ਸਿੰਘ ਨੂੰ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ, ਅਲਫ਼ੌਂਸ ਕਨਥਨਮ ਨੂੰ ਸੈਰਸਪਾਟਾ ਰਾਜ ਮੰਤਰੀ ਬਣਾਇਆ ਗਿਆ ਹੈ। ਗਿਰੀਰਾਜ ਸਿੰਘ ਨੂੰ ਤਰੱਕੀ ਦੇ ਕੇ ਉਦਯੋਗ ਮੰਤਰੀ (ਆਜ਼ਾਦ ਭਾਰ), ਅਰਜੁਨ ਰਾਮ ਮੇਘਵਾਲ ਦਾ ਵਿਭਾਗ ਬਦਲ ਕੇ ਉਸ ਨੂੰ ਸੰਸਦੀ ਕਾਰਜ ਰਾਜ ਮੰਤਰੀ ਬਣਾਇਆ ਗਿਆ ਹੈ।
ਪਹਿਲਾਂ ਉਹ ਵਿੱਤ ਰਾਜ ਮੰਤਰੀ ਸਨ। ਸੁਦਰਸ਼ਨ ਭਗਤ ਨੂੰ ਆਦਿਵਾਸੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ। ਪਹਿਲਾਂ ਉਹ ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸਨ। ਕ੍ਰਿਸ਼ਨਾ ਰਾਜ ਨੂੰ ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਬਣਾਇਆ ਗਿਆ ਹੈ। (ਏਜੰਸੀ)