ਖਰੜ, 19 ਸਤੰਬਰ (ਨਾਗਪਾਲ):
ਬੱਬਰ ਖ਼ਾਲਸਾ ਖਾੜਕੂ ਸੰਗਠਨ ਦੇ ਮੈਂਬਰ ਜਗਤਾਰ ਸਿੰਘ ਹਵਾਰਾ ਨੂੰ ਖਰੜ ਅਦਾਲਤ 'ਚ ਅੱਜ
ਵੀ ਤਿਹਾੜ ਜੇਲ ਤੋਂ ਪੇਸ਼ੀ ਤੇ ਨਹੀ ਲਿਆਂਦਾ ਗਿਆ ਜਿਸ ਕਰ ਕੇ ਜੱਜ ਏਕਤਾ ਉਪੱਲ ਦੀ ਅਦਾਲਤ
ਵਲੋਂ ਉਸ ਨੂੰ ਮੁੜ ਪੇਸ਼ ਕਰਨ ਲਈ 24 ਅਕਤੂਬਰ 2017 ਨੂੰ ਹੁਕਮ ਸੁਣਾਉਦੇ ਹੋਏ ਕੇਸ ਦੀ
ਸੁਣਵਾਈ ਟਾਲ ਦਿਤੀ ਹੈ।
ਇਸ ਤੋਂ ਪਹਿਲਾਂ 19 ਅਗੱਸਤ ਨੂੰ ਵੀ ਅਦਾਲਤ ਵਲੋਂ ਅਜਿਹੇ
ਹੀ ਹੁਕਮ ਸੁਣਾਏ ਗਏ ਸਨ। ਇਸ ਅਦਾਲਤ ਵਲੋਂ ਤੀਜੀ ਵਾਰ ਇਸ ਮਾਮਲੇ 'ਚ ਹਵਾਰਾ ਨੂੰ ਪੇਸ਼
ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਹਵਾਰਾ ਅਜਕਲ ਤਿਹਾੜ ਜੇਲ 'ਚ ਬੰਦ ਹੈ
ਜਿਸ ਨੂੰ ਖਰੜ ਅਦਾਲਤ ਵਲੋਂ ਇਕ ਮਾਮਲੇ ਚ ਭਗੌੜਾ ਹੋਣ ਕਾਰਨ ਜੁਲਾਈ 2017
ਵਿਚ ਪਹਿਲੀ ਵਾਰ 19 ਅਗੱਸਤ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਉਦੋ ਪੇਸ਼ ਨਾ
ਹੋਣ ਕਾਰਨ ਇਸ ਮਾਮਲੇ 'ਚ ਦੂਜੀ ਵਾਰ 19 ਸਤੰਬਰ ਲਈ ਵਾਰੰਟ ਜਾਰੀ ਹੋਏੇ। ਹੁਣ ਅੱਜ ਵੀ
ਹਵਾਰੇ ਨੂੰ ਜੇਲ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਪੇਸ਼ ਨਹੀ ਕੀਤਾ ਗਿਆ
ਜਿਸ ਕਰ ਕੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ 24 ਅਕਤੂਬਰ ਨੂੰ ਰਖੀ ਗਈ ਹੈ
ਜਿਸ ਮੌਕੇ ਪੇਸ਼ ਹੋਣ ਲਈ ਮੁੜ ਤੋ ਵਾਰੰਟ ਜਾਰੀ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਖਰੜ ਸਦਰ
ਥਾਣੇ 'ਚ 15 ਜੂਨ 2005 ਨੂੰ ਮੁਕੱਦਮਾ ਨੰਬਰ 144 ਐਕਸਪਲੋਸਿਵ ਐਕਟ ਦੀ ਧਾਰਾ 3,4,5 ਅਤੇ
ਅਸਲਾਹ ਐਕਟ ਦੀ ਧਾਰਾ 25 ਦੇ ਅਧੀਨ 5 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਉਸ
ਸਮੇਂ ਖਰੜ ਥਾਣਾ ਮੁਖੀ ਗੁਰਚਰਨ ਸਿੱਘ ਹੁੰਦੇ ਸੀ ਜਿਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ
ਦਿਤੀ ਸੀ ਕਿ ਜਗਤਾਰ ਸਿੰਘ ਹਵਾਰਾ, ਪਰਵਿੰਦਰ ਸਿੰਘ ਭਿੰਦਾ ਵਾਸੀ ਫ਼ਤਿਹਗੜ੍ਹ ਸਾਹਿਬ,
ਸਵਰਨ ਸਿੰਘ ਵਾਸੀ ਦੇਸੂ ਮਾਜਰਾ, ਗੁਰਦੀਪ ਸਿੰਘ ਵਾਸੀ ਆਲਮਪੁਰ ਅਤੇ ਪਰਮਜੀਤ ਸਿੰਘ ਪੌਲਾ
ਵਾਸੀ ਲਠੇੜੀ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਲਈ ਕੰਮ ਕਰਦੇ ਹਨ ਅਤੇ ਅਤਿਵਾਦੀ
ਗਤੀਵਿਧੀਆਂ ਵਿਚ ਸਰਗਰਮ ਹੈ ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਗੋਲੀ ਸਿੱਕਾ ਅਤੇ ਮਾਰੂ
ਹਥਿਆਰ, ਅਸਲਾਹ ਆਦਿ ਬਰਾਮਦ ਹੋ ਸਕਦਾ ਹੈ।
ਇਹ ਲੋਕ ਵੱਡੀ ਵਾਰਦਾਤ ਕਰ ਸਕਦੇ ਹਨ ਅਤੇ ਆਮ
ਲੋਕਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਲਈ ਗਤੀਵਿਧੀਆਂ ਕਰ ਰਹੇ ਹਨ। ਇਸ ਮਾਮਲੇ 'ਚ
ਪੁਲਿਸ ਵਲੋਂ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ ਜਿਨ੍ਹਾਂ ਪਾਸੋਂ ਹਥਿਆਰ ਆਦਿ
ਬਰਾਮਦ ਹੋਏ ਸਨ ਜੋ ਸਾਰੇ ਅਪਣਾ ਕੋਰਟ ਟ੍ਰਾਇਲ ਵੀ ਪੂਰਾ ਕਰ ਚੁਕੇ ਹਨ ਪਰ ਇਸ ਮਾਮਲੇ 'ਚ
ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਅਜੇ ਤਕ ਗ੍ਰਿਫ਼ਤਾਰੀ ਨਹੀ ਹੋਈ ਸੀ। ਇਸ ਕੇਸ ਦੀ ਸੁਣਵਾਈ
ਦੌਰਾਨ ਜੱਜ ਏਕਤਾ ਉੱਪਲ ਨੇ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
ਸੁਣਾਏ ਸਨ।