ਨਵੀਂ ਦਿੱਲੀ, 25 ਅਕਤੂਬਰ: ਭਾਰਤ ਅਤੇ ਅਮਰੀਕਾ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਅਪਣੇ ਦੇਸ਼ ਵਿਚ ਬਣੇ ਅਤਿਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਕਿਉਂਕਿ ਪਾਕਿਸਤਾਨ ਵਿਚ ਬਣੀਆਂ ਅਤਿਵਾਦੀ ਛੁਪਣਗਾਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਲੰਮੀ ਗੱਲਬਾਤ ਤੋਂ ਬਾਅਦ ਕਿਹਾ ਕਿ ਇਲਾਕਿਆਂ ਖ਼ਾਸ ਤੌਰ 'ਤੇ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਕਿਸਤਾਨ ਨੂੰ ਅਪਣੇ ਦੇਸ਼ ਵਿਚ ਬਣੇ ਹੋਏ ਅਤਿਵਾਦ ਟਿਕਾਣਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਟਿਲਰਸਨ ਨੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਪਹਿਲਾਂ ਵੀ ਕਿਹਾ ਸੀ ਕਿ ਅਜਿਹੇ ਟਿਕਾਣੇ ਖ਼ਤਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚਲੇ ਅਤਿਵਾਦੀ ਟਿਕਾਣਿਆਂ ਦੀ ਸਮਰੱਥਾ ਵਿਚ ਵਾਧਾ ਹੋਣਾ ਪਾਕਿਸਤਾਨੀ ਸਰਕਾਰ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ।