'ਖੇਤਰੀ ਭਾਸ਼ਾਵਾਂ ਨੂੰ ਹੋਰ ਮਾਣ ਦੇਣ ਹਿੰਦੀ ਭਾਸ਼ੀ'

ਖ਼ਬਰਾਂ, ਰਾਸ਼ਟਰੀ


ਨਵੀਂ ਦਿੱਲੀ, 14 ਸਤੰਬਰ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਹਿੰਦੀ ਭਾਸ਼ੀ ਲੋਕਾਂ ਨੂੰ ਕਿਹਾ ਕਿ ਦੇਸ਼ 'ਚ ਹਿੰਦੀ ਨੂੰ ਹੋਰ ਲੋਕ-ਪ੍ਰਿਯ ਬਣਾਉਣ ਲਈ ਉਹ ਖੇਤਰੀ ਭਾਸ਼ਾਵਾਂ ਅਤੇ ਉਨ੍ਹਾਂ ਨੂੰ ਬੋਲਣ ਵਾਲਿਆਂ ਨੂੰ ਹੋਰ ਥਾਂ ਦੇਣ ਅਤੇ ਮਾਣ ਦੇਣ।

ਹਿੰਦੀ ਦਿਵਸ ਮੌਕੇ ਇਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਹਿੰਦੀ ਕਈ ਦਹਾਕੇ ਪਹਿਲਾਂ ਸਰਕਾਰੀ ਭਾਸ਼ਾ ਬਣ ਚੁੱਕੀ ਹੈ, ਇਸ ਦੇ ਬਾਵਜੂਦ ਦੇਸ਼ ਦੇ ਕਈ ਹਿੱਸਿਆਂ 'ਚ ਹਿੰਦੀ ਨੂੰ ਅੱਜ ਵੀ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਪ੍ਰੋਗਰਾਮ ਗ੍ਰਹਿ ਮੰਤਰਾਲਾ ਨੇ ਕਰਵਾਇਆ ਸੀ ਅਤੇ ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਰਾਸ਼ਟਰਪਤੀ ਨੇ ਬੰਗਲੌਰ ਮੈਟਰੋ ਦੀ ਹਾਲ ਦੀ ਘਟਨਾ ਦਾ ਜ਼ਿਕਰ ਕੀਤਾ ਜਿਸ 'ਚ ਰੇਲਵੇ ਸੇਵਾ 'ਚ ਹਿੰਦੀ ਭਾਸ਼ਾ ਦੇ ਸੰਕੇਤਕਾਂ ਦਾ ਕੰਨੜ ਹਮਾਇਤੀ ਸਮੂਹਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਤਾਮਿਲਨਾਡੂ 'ਚ ਹਿੰਦੀ ਦੇ ਵਿਰੋਧ 'ਚ ਪ੍ਰਦਰਸ਼ਨ ਵੀ ਹੋਏ ਸਨ। ਇਨ੍ਹਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕੁੱਝ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਉਨ੍ਹਾਂ ਉਤੇ ਹਿੰਦੀ ਥੋਪੀ ਜਾ ਰਹੀ ਹੈ। ਕੋਵਿੰਦ ਨੇ ਕਿਹਾ ਕਿ ਗ਼ੈਰਹਿੰਦੀ ਭਾਸ਼ੀ ਲੋਕ ਚਾਹੁੰਦੇ ਹਨ ਕਿ ਅਸੀ ਉਨ੍ਹਾਂ ਦੀਆਂ ਭਾਸ਼ਾਵਾਂ ਵਲ ਢੁਕਵਾਂ ਧਿਆਨ ਦੇਈਏ। ਹਿੰਦੀ ਲੋਕਾਂ ਨੂੰ ਹੋਰ ਭਾਸ਼ਾਵਾਂ ਨੂੰ ਵੀ ਥਾਂ ਦੇਣੀ ਚਾਹੀਦੀ ਹੈ। ਗ਼ੈਰ-ਹਿੰਦੀ ਭਾਸ਼ੀ ਲੋਕਾਂ ਨੂੰ ਅਤੇ ਖੇਤਰੀ ਭਾਸ਼ਾਵਾਂ ਨੂੰ ਮਾਣ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਰਾਸ਼ਟਰਪਤੀ ਨੇ ਸੁਝਾਅ ਦਿਤਾ ਕਿ ਹਿੰਦੀ ਭਾਸ਼ੀ ਲੋਕਾਂ ਨੂੰ ਕਿਸੇ ਤਮਿਲਭਾਸ਼ੀ ਵਿਅਕਤੀ ਦਾ ਸਵਾਗਤ ਵਣੱਕਮ ਕਹਿ ਕੇ, ਸਿੱਖ ਦਾ ਸਵਾਗਤ ਸਤਿ ਸ੍ਰੀ ਅਕਾਲ ਕਹਿ ਕੇ ਅਤੇ ਕਿਸੇ ਮੁਸਲਮਾਨ ਦਾ ਸਵਾਗਤ ਆਦਾਬ ਕਹਿ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਤੇਲਗੂ ਭਾਸ਼ੀ ਵਿਅਕਤੀ ਨੂੰ ਗਾਰੂ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਭਾਸ਼ਾਵਾਂ ਅਤੇ ਸਭਿਆਚਾਰਾਂ ਨੂੰ ਅਪਨਾਉਣ ਨਾਲ ਦੇਸ਼ ਅਤੇ ਲੋਕਾਂ ਨੂੰ ਇਕਜੁਟ ਕਰਨ 'ਚ ਮਦਦ ਮਿਲੇਗੀ।  (ਪੀਟੀਆਈ)