ਨਵੀਂ ਦਿੱਲੀ: ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਕਈ ਅਹਿਮ ਫੈਸਲੇ ਲੈਣ ਵਾਲੀ ਕੇਂਦਰ ਸਰਕਾਰ ਹੁਣ ਇਕ ਵੱਡੀ ਘੋਸ਼ਣਾ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਹੁਣ ਖਿਚੜੀ ਨੂੰ ਰਾਸ਼ਟਰੀ ਭੋਜਨ ਬਣਾਉਣ ਵਾਲੀ ਹੈ ਅਤੇ 4 ਨਵੰਬਰ ਨੂੰ ਦਿੱਲੀ 'ਚ ਮਨਾਏ ਜਾਣ ਵਾਲੇ ਫੂਡ ਡੇਅ 'ਤੇ ਇਸ ਦੀ ਘੋਸ਼ਣਾ ਕੀਤੀ ਜਾਵੇਗੀ।
ਮਿਲੀ ਖਬਰ ਮੁਤਾਬਕ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਨੇ ਖਿਚੜੀ ਨੂੰ ਰਾਸ਼ਟਰੀ ਭੋਜਨ ਬਣਾਉਣ ਦਾ ਸੁਝਾਅ ਦਿੱਤਾ ਸੀ ਜੋ ਕੇਂਦਰ ਨੂੰ ਵੀ ਪਸੰਦ ਆਇਆ।
ਦੱਸਿਆ ਜਾ ਰਿਹਾ ਹੈ ਕਿ ਗਿਨੀਜ਼ ਵਲਰਡ ਰਿਕਾਰਡ 'ਚ ਨਾਮ ਦਰਜ ਕਰਵਾਉਣ ਲਈ ਸਰਕਾਰ ਜਵਾਰ, ਬਾਜਰਾ ਅਤੇ ਦਾਲ ਤੋਂ 800 ਕਿਲੋਗ੍ਰਾਮ ਖਿਚੜੀ ਬਣਾਉਣ ਵਾਲੀ ਹੈ।
ਹਰਸਿਮਰਤ ਕੌਰ ਬਾਦਲ ਨੇ ਤਿੰਨ ਦਿਨ ਤੱਕ ਚੱਲਣ ਵਾਲੇ ਵਲਰਡ ਫੂਡ ਇੰਡੀਆ ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਲੇ ਦੇ ਦੂਜੇ ਦਿਨ 4 ਨਵੰਬਰ ਨੂੰ ਸੱਤ ਫੁੱਟ ਚੌੜੀ ਅਤੇ ਇਕ ਹਜ਼ਾਰ ਲੀਟਰ ਸ਼ਕਤੀ ਵਾਲੀ ਕੜਾਹੀ 'ਚ 800 ਕਿਲੋਗ੍ਰਾਮ ਖਿਚੜੀ ਬਣਾਈ ਜਾਵੇਗੀ ਜੋ ਆਪਣੇ-ਆਪ 'ਚ ਵਿਸ਼ਵ ਰਿਕਾਰਡ ਹੋਵੇਗਾ।
ਇਸ 'ਚ ਚਾਵਲ ਦੇ ਨਾਲ ਕਈ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਵੀ ਪਾਈਆਂ ਜਾਣਗੀਆਂ। ਹਰਸਿਮਰਤ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਦੁਨੀਆਂ ਨੂੰ ਭਾਰਤ ਦੇ ਇਸ ਪੌਸ਼ਟਿਕ ਭੋਜਨ ਦੇ ਬਾਰੇ 'ਚ ਦੱਸਣਾ ਹੈ।