ਫ਼ਤਿਹਗੜ੍ਹ
ਸਾਹਿਬ, 14 ਸਤੰਬਰ (ਸੁਰਜੀਤ ਸਿੰਘ ਖਮਾਣੋਂ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ
ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ
ਦੇ ਰੁਝਾਨ ਨੂੰ ਸਿਸਟਮ ਦੀ ਦੇਣ ਕਰਾਰ ਦਿਤਾ ਹੈ ।
ਸ. ਮਾਨ ਦਾ ਕਹਿਣਾ ਹੈ ਕਿ ਜੇਕਰ
ਸਾਡੇ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ ਅਤੇ ਗੁਆਂਢੀ ਮੁਲਕ
ਪਾਕਿਸਤਾਨ ਦੇ ਕਿਸਾਨ ਖ਼ੁਦਕੁਸ਼ੀਆਂ ਨਹੀਂ ਕਰਦੇ ਤਾਂ ਪੰਜਾਬ ਵਿਚ ਇਹ ਵਰਤਾਰਾ ਨਿਰੰਤਰ
ਕਿਉਂ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਕੁੱਝ ਲਈ ਕੇਂਦਰ ਦੀਆਂ ਸਰਕਾਰਾਂ, ਪੰਜਾਬ
ਦੀ ਸਰਕਾਰ ਖ਼ਾਸ ਕਰ ਕੇ ਬਾਦਲ ਦਲ ਦੀ ਸਰਕਾਰ ਅਤੇ ਕਿਸਾਨਾਂ ਦੇ ਆਗੂ ਬਰਾਬਰ ਦੇ ਭਾਗੀ ਹਨ
ਜਿਨ੍ਹਾਂ ਦੀ ਬਦੌਲਤ
ਕਿਸਾਨ ਅਤੇ ਖੇਤ ਮਜ਼ਦੂਰ ਮਜਬੂਰੀਵਸ ਮੌਤ ਨੂੰ ਗਲ ਲਗਾ ਰਹੇ ਹਨ ।
ਸ:
ਮਾਨ ਨੇ ਕਿਹਾ ਕਿ ਮਤਲਬ ਸਾਫ ਹੈ ਕਿ ਪਾਕਿਸਤਾਨ ਵਿਚ ਮੁਸਲਿਮ ਹਕੂਮਤ ਹੈ ਅਤੇ ਰਾਜਸਥਾਨ,
ਹਰਿਆਣਾ, ਹਿਮਾਚਲ ਵਿਚ ਹਿੰਦੂ ਬਹੁ ਗਿਣਤੀ ਦੀ ਹਕੂਮਤ ਹੈ। ਇਨ੍ਹਾਂ ਦੋਵਾਂ ਕੌਮਾਂ ਨੇ
ਅਪਣੇ ਧਰਮ ਦੇ ਲੋਕਾਂ ਨੂੰ ਖ਼ੁਸ਼ਹਾਲੀ ਦਿਤੀ ਹੈ ਇਸ ਲਈ ਖ਼ੁਦਕੁਸ਼ੀ ਕਰਨ ਦਾ ਕੋਈ ਮਤਲਬ ਹੀ
ਨਹੀਂ । ਨਰਿੰਦਰ ਮੋਦੀ ਨੇ ਅਪਣੇ ਹਿੰਦੂ ਸ਼ਾਹੂਕਾਰਾਂ, ਸਨਅਤਕਾਰਾਂ, ਵਪਾਰੀਆਂ ਜਿਨ੍ਹਾਂ
ਦਾ 46,000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿਤਾ ਹੈ ਉਨ੍ਹਾਂ ਵਿਚੋਂ ਵੀ ਕਿਸੇ ਨੇ
ਖ਼ੁਦਕੁਸ਼ੀ ਨਹੀਂ ਕੀਤੀ । ਪੰਜਾਬ ਦੇ ਕਿਸਾਨ ਇਸ ਲਈ ਖ਼ੁਦਕੁਸ਼ੀਆਂ ਕਰ ਰਹੇ ਹਨ ਕਿ ਉਨ੍ਹਾਂ
ਦਾ ਧੰਦਾ ਚੌਪਟ ਹੋ ਗਿਆ ਹੈ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਜੋ ਕਿਸਾਨੀ ਦੀ
ਸੱਜੀ ਬਾਂਹ ਜਾਣੇ ਜਾਂਦੇ ਹਨ ਉਹ ਵੀ ਇਸ ਲੱਕ ਤੋੜਵੀਂ ਮਹਿੰਗਾਈ ਅਤੇ ਤੰਗੀ ਤੋਂ ਪ੍ਰੇਸ਼ਾਨ
ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਖੇਤੀ ਦਾ ਧੰਦਾ ਘਾਟੇ ਵਾਲਾ ਹੋਣ ਦਾ ਕਾਰਨ ਬਹੁਤ
ਸਪੱਸ਼ਟ ਹੈ ਜਿਸ ਨੂੰ ਨਾ ਕਦੇ ਬਾਦਲ ਦੀ ਸਰਕਾਰ ਨੇ ਅਤੇ ਨਾ ਹੀ ਬਾਦਲ ਦੇ ਪਿਛਲੱਗ ਬਣੇ
ਕਿਸਾਨ ਆਗੂਆਂ ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ ਨੇ ਕਦੇ ਗੰਭੀਰਤਾ ਨਾਲ
ਲਿਆ ਹੈ।
ਸ. ਮਾਨ ਨੇ ਕਿਹਾ ਕਿ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ
ਸਰਕਾਰ ਤੇ 'ਆਪ' ਦੇ ਕੇਜਰੀਵਾਲ ਇਸ ਨਿਘਰ ਚੁਕੀ ਮਾਲੀ ਹਾਲਤ ਨੂੰ ਠੀਕ ਕਰ ਸਕਦੇ ਹਨ। ਇਸ
ਦਾ ਇਕੋ ਇਕ ਹੱਲ ਹੈ ਕਿ ਪਾਕਿਸਤਾਨ ਨਾਲ ਅਟਾਰੀ, ਹੂਸੈਨੀਵਾਲਾ, ਕਰਤਾਰਪੁਰ ਸਾਹਿਬ ਦਾ
ਲਾਂਘਾ, ਸੂਲੇਮਾਨਕੀ ਦੀਆਂ ਸਰਹੱਦਾਂ ਨੂੰ ਤੁਰਤ ਖੋਲ੍ਹਿਆ ਜਾਵੇ ਤਾਂ ਕਿ ਅਸੀਂ ਸਿੱਖ
ਜਿਨ੍ਹਾਂ ਦਾ ਕਿੱਤਾ ਕਿਸਾਨੀ, ਟਰਾਂਸਪੋਰਟ ਅਤੇ ਵਪਾਰ ਹੈ ਉਹ ਆਪੋ ਅਪਣੇ ਉਤਪਾਦ ਇਨ੍ਹਾਂ
ਸਰਹੱਦਾਂ ਰਾਹੀਂ ਅਰਬ ਮੁਲਕਾਂ ਅਤੇ ਯੂਰਪ ਮੁਲਕਾਂ ਨੂੰ ਭੇਜ ਸਕਣ। ਚੀਨ, ਪਾਕਿਸਤਾਨ ਨਾਲ
ਜੋ ਕੋਰੀਡੋਰ ਬਣਿਆ ਹੈ ਉਸ ਦਾ ਸਾਨੂੰ ਹਿੱਸਾ ਬਣਾਇਆ ਜਾਵੇ ਤਾਂ ਜੋ ਉਸ ਨੂੰ 46 ਲੱਖ
ਬੇਰੁਜ਼ਗਾਰਾਂ ਨੂੰ ਰੋਜ਼ੀ 'ਤੇ ਲਗਾਈਏ। ਸ: ਮਾਨ ਨੇ ਕਿਹਾ ਕਿ ਅਫ਼ਸੋਸ ਅਤੇ ਦੁੱਖ ਹੈ ਕਿ
ਕੱਟੜਵਾਦੀ ਮੋਦੀ ਹਿੰਦੂ ਹਕੂਮਤ ਨੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਤਰੱਕੀ ਅਤੇ
ਆਰਥਿਕਤਾ ਨੂੰ ਬੰਦ ਕਰ ਦਿਤਾ ਹੈ।