ਕੀ ਅਮਰੀਕੀ ਖ਼ੁਫ਼ੀਆ ਏਜੰਸੀ ਨੇ ਗਾਂਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ?

ਖ਼ਬਰਾਂ, ਰਾਸ਼ਟਰੀ

  ਮੁੰਬਈ, 1 ਅਕਤੂਬਰ : ਕੀ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਆਫ਼ਿਸ ਆਫ਼ ਸਟਰੈਟੇਜਿਕ ਸਰਵਿਸਿਜ਼ ਯਾਨੀ ਓਐਸਐਸ ਨੇ ਗਾਂਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ? ਇਹ ਉਨ੍ਹਾਂ ਸਵਾਲਾਂ ਵਿਚੋਂ ਇਕ ਹੈ ਜਿਹੜੇ ਹਾਈ ਕੋਰਟ ਵਿਚ ਦਾਖ਼ਲ ਜਨ ਹਿੱਤ ਪਟੀਸ਼ਨ ਵਿਚ ਪੁਛੇ ਗਏ ਹਨ।


   ਪਟੀਸ਼ਨ ਵਿਚ ਗਾਂਧੀ ਦੀ ਹਤਿਆ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਬੇਨਤੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਹ ਇਤਿਹਾਸ ਵਿਚ ਸੱਭ ਤੋਂ ਵੱਡਾ 'ਕਵਰ ਅਪ' (ਮਾਮਲੇ 'ਤੇ ਪਰਦਾ ਪਾਉਣਾ) ਹੈ। ਪਟੀਸ਼ਨ ਦਾਖ਼ਲ ਕਰਨ ਵਾਲੇ ਅਭਿਨਵ ਭਾਰਤ, ਮੁੰਬਈ ਦੇ ਡਾ. ਪੰਕਜ ਫੜਨਿਸ ਨੇ ਲਿਖਤੀ ਅਰਜ਼ੀ ਵਿਚ ਕਿਹਾ ਹੈ ਕਿ 30 ਜਨਵਰੀ 1948 ਨੂੰ ਗਾਂਧੀ ਦੀ ਹਤਿਆ ਮਗਰੋਂ ਇਥੋਂ ਦੀ ਅਮਰੀਕੀ ਅੰਬੈਸੀ ਤੋਂ ਵਾਸ਼ਿੰਗਟਨ ਲਈ ਟੈਲੀਗ੍ਰਾਮ ਭੇਜੇ ਗਏ ਸਨ ਅਤੇ ਇਸ ਨਾਲ ਸਬੰਧਤ ਰੀਪੋਰਟ ਵਿਚੋਂ ਇਕ ਹਾਲੇ ਵੀ ਗੁਪਤ ਹੈ। ਉਨ੍ਹਾਂ ਇਨ੍ਹਾਂ ਟੈਲੀਗ੍ਰਾਮਾਂ ਵਿਚੋਂ ਇਕ ਨੂੰ ਰੀਕਾਰਡ ਵਿਚ ਰਖਿਆ ਹੈ ਜੋ ਉਨ੍ਹਾਂ ਨੂੰ ਇਸ ਸਾਲ ਮਈ ਵਿਚ ਅਮਰੀਕਾ ਦੇ ਮੈਰੀਲੈਂਡ ਸਥਿਤ ਨੈਸ਼ਨਲ ਆਰਕਾਈਵਜ਼ ਐਂਡ ਰਿਸਰਚ ਐਡਮਿਨਸਟਰੇਸ਼ਨ ਤੋਂ 'ਅਧਿਕਾਰਤ ਰੂਪ ਵਿਚ' ਪ੍ਰਾਪਤ ਹੋਈ ਸੀ।

     ਫੜਨਿਸ ਨੇ ਜ਼ਿਕਰ ਕੀਤਾ ਕਿ 30 ਜਨਵਰੀ 1948 ਨੂੰ ਰਾਤ ਅੱਠ ਵਜੇ ਇਥੋਂ ਦੇ ਅਮਰੀਕੀ ਸਫ਼ਾਰਤਖ਼ਾਨੇ ਤੋਂ ਭੇਜੇ ਗਏ 'ਗੁਪਤ ਟੈਲੀਗ੍ਰਾਮ' ਮੁਤਾਬਕ ਜਦ ਗਾਂਧੀ ਨੂੰ ਗੋਲੀ ਮਾਰੀ ਗਈ ਤਾਂ ਉਸ ਸਮੇਂ ਅਧਿਕਾਰੀ ਟਾਮ ਰੀਨਰ ਉਸ ਕੋਲੋਂ ਪੰਜ ਫ਼ੁਟ ਦੀ ਦੂਰੀ 'ਤੇ ਸੀ ਅਤੇ ਭਾਰਤੀ ਗਾਰਡਾਂ ਦੀ ਮਦਦ ਨਾਲ ਉਨ੍ਹਾਂ ਨੇ ਹਤਿਆਰੇ ਨੂੰ ਫੜ ਲਿਆ ਸੀ। ਫੜਨਿਸ ਨੇ ਕਿਹਾ, 'ਰੀਨਰ ਨੇ ਦੇਰ ਸ਼ਾਮ ਸਫ਼ਾਰਤਖ਼ਾਨੇ ਪਹੁੰਚਣ 'ਤੇ ਰੀਪੋਰਟ ਦਰਜ ਕਰਾਈ ਹਾਲਾਂਕਿ 70 ਸਾਲ ਮਗਰੋਂ ਵੀ ਇਹ ਰੀਪੋਰਟ ਗੁਪਤ ਹੈ। ਪਟੀਸ਼ਨਕਾਰਾਂ ਨੇ ਉਕਤ ਰੀਪੋਰਟ ਨੂੰ ਜਨਤਕ ਕਰਾਉਣ ਲਈ ਅਮਰੀਕੀ ਕਾਨੂੰਨ ਤਹਿਤ ਅਰਜ਼ੀ ਦਿਤੀ ਹੈ ਜਿਸ 'ਤੇ ਸੁਣਵਾਈ ਛੇ ਅਕਤੂਬਰ ਨੂੰ ਹੋਵੇਗੀ।  (ਏਜੰਸੀ)