ਕੀ ਬੰਦ ਹੋ ਜਾਣਗੇ ਪਟਰੌਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨ?

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 8 ਸਤੰਬਰ : ਪਟਰੌਲ ਅਤੇ ਡੀਜ਼ਲ ਵਰਗੇ ਰਵਾਇਤੀ ਈਂਧਨ ਨਾਲ ਚਲਣ ਵਾਲੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੰਪਨੀਆਂ ਬਦਲਵੇਂ ਈਂਧਨ ਅਪਣਾਉਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਭਵਿੱਖ ਪਟਰੌਲ ਅਤੇ ਡੀਜ਼ਲ ਦਾ ਨਹੀਂ ਹੈ ਸਗੋਂ ਬਦਲਵੇਂ ਬਾਲਣ ਦਾ ਹੈ। ਸੜਕੀ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਅਤੇ ਵਾਹਨ ਦਰਾਮਦ 'ਤੇ ਲਗਾਮ ਲਾਉਣ ਦੀਆਂ ਅਪਣੀਆਂ ਕੋਸ਼ਿਸ਼ਾਂ ਤਹਿਤ ਉਹ ਇਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ 'ਤੇ ਇਕ ਕੈਬਨਿਟ ਨੋਟ ਤਿਆਰ ਹੈ, ਜਿਸ 'ਚ ਚਾਰਜਿੰਗ ਸਟੇਸ਼ਨਾਂ 'ਤੇ ਧਿਆਨ ਦਿਤਾ ਜਾਵੇਗਾ।  

ਗਡਕਰੀ ਨੇ ਇਥੇ ਸਿਆਮ ਦੇ ਸਾਲਾਨਾ ਸੰਮੇਲਨ 'ਚ ਕਿਹਾ, ''ਸਾਨੂੰ ਬਦਲਵੇਂ ਬਾਲਣ ਵਲ ਵਧਣਾ ਚਾਹੀਦਾ ਹੈ... ਮੈਂ ਇਹ ਕਰਨ ਜਾ ਰਿਹਾ ਹਾਂ, ਭਾਵੇਂ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ। ਮੈਂ ਤੁਹਾਨੂੰ ਕਹਾਂਗਾ ਵੀ ਨਹੀਂ... ਮੈਂ ਇਨ੍ਹਾਂ ਨੂੰ (ਵਾਹਨਾਂ ਨੂੰ) ਖ਼ਤਮ ਕਰ ਦੇਵਾਂਗਾ। ਪ੍ਰਦੂਸ਼ਣ ਲਈ, ਦਰਾਮਦ ਲਈ ਮੇਰੇ ਵਿਚਾਰ ਪੂਰੀ ਤਰ੍ਹਾਂ ਸਪੱਸ਼ਟ ਹਨ। ਸਰਕਾਰ ਦੀ ਦਰਾਮਦ ਘਟਾਉਣ ਅਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਦੀ ਸਪੱਸ਼ਟ ਨੀਤੀ ਹੈ।'' ਕਿਸੇ ਤਰ੍ਹਾਂ ਦੇ ਢਿੱਲੇ-ਮੱਠੇ ਰਵੱਈਏ ਪ੍ਰਤੀ ਸੁਚੇਤ ਕਰਦਿਆਂ ਮੰਤਰੀ ਨੇ ਕਿਹਾ ਕਿ ਭਵਿੱਖ ਪਟਰੌਲ ਅਤੇ ਡੀਜ਼ਲ ਦਾ ਨਹੀਂ ਹੈ, ਸਗੋਂ ਬਦਲਵੇਂ ਈਂਧਨ ਦਾ ਹੈ।