ਕੀ ਸੌਦਾ ਸਾਧ ਦੇ ਡੇਰੇ ਦਾ ਹੁਣ ਭੋਗ ਪੈ ਜਾਵੇਗਾ?

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 29 ਅਗੱਸਤ : ਸੌਦਾ ਸਾਧ ਦਾ ਜਾਨਸ਼ੀਨ ਕੌਣ ਹੋਵੇਗਾ? ਹੁਣ ਇਸ ੱਗੱਲ ਦੀ ਸੱਥਾਂ ਵਿਚ ਚਰਚਾ ਹੈ। ਕੁੱਝ ਲੋਕ ਕਹਿੰਦੇ ਹਨ ਕਿ ਡੇਰੇ ਦਾ ਹੁਣ ਭੋਗ ਪੈ ਗਿਆ ਹੈ, ਡੇਰਾ ਹੁਣ ਕਦੇ ਵੀ ਲੀਹ 'ਤੇ ਨਹੀਂ ਆ ਸਕੇਗਾ ਜਦਕਿ ਕੁੱਝ ਲੋਕ ਕਹਿ ਰਹੇ ਹਨ ਕਿ ਸੌਦਾ ਸਾਧ ਦੇ ਜੇਲ ਵਿਚ ਜਾਣ ਨਾਲ ਡੇਰੇ ਨੂੰ ਕੋਈ ਫ਼ਰਕ ਨਹੀਂ ਪਵੇਗਾ, ਲੋਕਾਂ ਦੀ ਡੇਰੇ ਪ੍ਰਤੀ ਸ਼ਰਧਾ ਪਹਿਲਾਂ ਵਾਂਗ ਹੀ ਸਗੋਂ ਹੋਰ ਮਜ਼ਬੂਤ ਹੋਵੇਗੀ। ਜਦ ਡੇਰੇ ਦਾ ਜਾਨਸ਼ੀਨ ਐਲਾਨ ਦਿਤਾ ਗਿਆ ਤਾਂ ਲੋਕ ਅਖੌਤੀ ਨਵੇਂ ਗੁਰੂ ਨੂੰ ਮੰਨਣ ਲੱਗ ਪੈਣਗੇ ਤੇ ਡੇਰਾ ਹੌਲੀ ਹੌਲੀ ਫਿਰ ਚੱਲ ਪਵੇਗਾ। ਚਰਚਾ ਇਹ ਵੀ ਹੈ ਕਿ ਸੌਦਾ ਸਾਧ ਦਾ ਬੇਟਾ ਜਸਮੀਤ, ਅਖੌਤੀ ਧੀ ਹਨੀਪ੍ਰੀਤ ਅਤੇ ਡੇਰੇ ਦੀ ਪ੍ਰਧਾਨ ਬਿਪਾਸਨਾ ਇੰਸਾਂ ਵਿਚੋਂ ਕੋਈ ਇਕ ਡੇਰੇ ਦੀ ਕਮਾਨ ਸੰਭਾਲੇਗਾ।
ਡੇਰਾ ਸੂਤਰਾਂ ਨੇ ਦਸਿਆ ਕਿ ਡੇਰੇ ਵਲੋਂ ਹਾਲੇ ਤਕ ਕੋਈ ਪਹਿਲ ਨਹੀਂ ਕੀਤੀ ਗਈ। ਫ਼ਿਲਹਾਲ ਡੇਰੇ ਦੀ ਤਰਜੀਹ ਸੀਬੀਆਈ ਅਦਾਲਤ ਦੇ ਫ਼ੈਸਲੇ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਨਾ ਹੈ। ਜਸਮੀਤ ਦੀ ਉਮਰ ਕਰੀਬ 30 ਸਾਲ ਹੈ। ਉਸ ਦਾ ਵਿਆਹ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਹਰਮਿੰਦਰ ਸਿਘੰ ਜੱਸੀ ਦੀ ਬੇਟੀ ਨਾਲ ਹੋਇਆ ਹੈ।
ਜੇ ਜਸਮੀਤ ਨੂੰ ਸੌਦਾ ਸਾਧ ਦਾ ਉਤਰਾਅਧਿਕਾਰੀ ਬਣਾ ਦਿਤਾ ਜਾਂਦਾ ਹੈ ਤਾਂ ਇਹ ਡੇਰੇ ਦੀ ਰਵਾਇਤ ਤੋਂ ਹਟਣਾ ਹੋਵੇਗਾ ਜਿਸ ਮੁਤਾਬਕ ਉਸ ਵਿਅਕਤੀ ਨੂੰ ਡੇਰਾ ਮੁਖੀ ਨਹੀਂ ਬਣਾਇਆ ਜਾਂਦਾ ਜਿਹੜਾ ਮੌਜੂਦਾ ਮੁਖੀ ਦੇ ਪਰਵਾਰ ਨਾਲ ਸਬੰਧਤ ਹੋਵੇ। ਹਨੀਪ੍ਰੀਤ ਇੰਸਾਂ ਨੂੰ ਵੀ ਡੇਰੇ ਦੇ ਸੰਭਾਵੀ ਉਤਰਾਅਧਿਕਾਰੀ ਵਜੋਂ ਵੇਖਿਆ ਜਾ ਰਿਹਾ ਹੈ। ਉਹ ਖ਼ੁਦ ਨੂੰ ਸੌਦਾ ਸਾਧ ਦੀ ਧੀ ਦਸਦੀ ਹੈ ਜਦਕਿ ਉਸ ਦਾ ਸਾਬਕਾ ਪਤੀ ਕਹਿੰਦਾ ਹੈ ਕਿ ਉਹ ਸੌਦਾ ਸਾਧ ਦੀ ਧੀ ਨਹੀਂ ਸਗੋਂ ਪਤਨੀ ਹੈ।  ਬਿਪਾਸਨਾ ਇੰਸਾਂ ਡੇਰੇ ਦੀ ਪ੍ਰਧਾਨ ਹੈ। ਜਦ ਪੰਚਕੂਲਾ ਤੇ ਸਿਰਸਾ ਵਿਚ ਹਿੰਸਾ ਫੈਲੀ ਸੀ ਤਾਂ ਬਿਪਾਸਨਾ ਨੇ ਹੀ ਵੀਡੀਉ ਸੰਦੇਸ਼ ਰਾਹੀਂ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਸੀ। ਜਦ ਬਿਪਾਸਨਾ ਨੂੰ ਪੁਛਿਆ ਗਿਆ ਤਾਂ ਉਸ ਨੇ ਕਿਹਾ, 'ਡੇਰਾ ਮੁਖੀ ਨਿਯੁਕਤ ਕਰਨ ਦੀ ਕੋਈ ਕਾਹਲੀ ਨਹੀਂ। ਸ਼ਰਧਾਲੂਆਂ ਨੂੰ ਗੁਰੂ ਜੀ 'ਤੇ ਪੂਰਾ ਵਿਸ਼ਵਾਸ ਹੈ।' ਫ਼ਿਲਹਾਲ ਦੇ ਡੇਰੇ ਦੇ ਸਾਰੇ ਵਿਦਿਅਕ ਅਦਾਰੇ ਅਤੇ ਫ਼ੈਕਟਰੀਆਂ ਬੰਦ ਕਰ ਦਿਤੀਆਂ ਗਈਆਂ ਹਨ। ਹਾਈ ਕੋਰਟ ਨੇ ਡੇਰੇ ਦੀ ਸੰਪਤੀ ਵੇਚਣ ਦਾ ਹੁਕਮ ਦਿਤਾ ਹੋਇਆ ਹੈ।     (ਏਜੰਸੀ)