ਕਿਰਾਏ 'ਚ ਵਾਧੇ ਮਗਰੋਂ ਦਿੱਲੀ ਮੈਟਰੋ 'ਚ ਰੋਜ਼ਾਨਾ ਤਿੰਨ ਲੱਖ ਯਾਤਰੀ ਘਟੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 25 ਨਵੰਬਰ: ਅਕਤੂਬਰ 'ਚ ਦਿੱਲੀ ਮੈਟਰੋ ਦੇ ਕਿਰਾਏ 'ਚ ਵਾਧੇ ਤੋਂ ਬਾਅਦ ਹਰ ਰੋਜ਼ ਮੈਟਰੋ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 'ਚ ਤਿੰਨ ਲੱਖ ਤੋਂ ਜ਼ਿਆਦਾ ਦੀ ਕਮੀ ਆ ਗਈ ਹੈ। ਆਰ.ਟੀ.ਆਈ. ਦੇ ਇਕ ਸਵਾਲ ਦੇ ਜਵਾਬ 'ਚ ਇਹ ਪਤਾ ਲਗਿਆ ਹੈ।ਅਕਤੂਬਰ 'ਚ ਕਿਰਾਇਆ ਵਧਾਏ ਜਾਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਔਸਤਨ 24.2 ਲੱਖ ਰਹਿ ਗਈ, ਜਦਕਿ ਸਤੰਬਰ 'ਚ ਔਸਤਨ 27.4 ਲੱਖ ਲੋਕਾਂ ਨੇ ਹਰ ਰੋਜ਼ ਮੈਟਰੋ 'ਚ ਸਫ਼ਰ ਕੀਤਾ। ਇਸ ਤਰ੍ਹਾਂ ਯਾਤਰੀਆਂ ਦੀ ਗਿਣਤੀ 'ਚ ਲਗਭਗ 11 ਫ਼ੀ ਸਦੀ ਦੀ ਕਮੀ ਆਈ। ਇਕ ਆਰ.ਟੀ.ਆਈ. ਦੇ ਨਵੇਂ ਸੈਕਸ਼ਨਾਂ ਦੀ ਸ਼ੁਰੂਆਤ ਦੇ ਸਮੇਂ ਯਾਤਰੀਆਂ ਦੀ ਗਿਣਤੀ 'ਚ ਵਾਧੇ ਦੇ ਬਾਵਜੂਦ ਪਿਛਲੇ ਕੁੱਝ ਸਾਲਾਂ 'ਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਗਈ ਹੈ। ਡੀ.ਐਮ.ਆਰ.ਸੀ. ਵਲੋਂ 10 ਅਕਤੂਬਰ ਨੂੰ ਕਿਰਾਏ 'ਚ ਵਾਧਾ ਲਾਗੂ ਕਰਨ ਨਾਲ ਤਕਰੀਬਨ ਹਰ ਦੂਰੀ ਸਲੈਬ 'ਚ ਲਗਭਗ 10 ਰੁਪਏ ਦਾ ਵਾਧਾ ਹੋਇਆ। ਇਸ 'ਚ ਪੰਜ ਮਹੀਨੇ ਪਹਿਲਾਂ ਹੀ ਕਿਰਾਏ 'ਚ ਲਗਭਗ 100 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਸੀ। ਮਈ 'ਚ ਪਹਿਲੇ ਗੇੜ 'ਚ ਕਿਰਾਇਆ ਵਾਧੇ ਤੋਂ ਬਾਅਦ ਮੈਟਰੋ 'ਚ ਯਾਤਰੀਆਂ ਦੀ ਗਿਣਤੀ ਜੂਨ 'ਚ ਹਰ ਰੋਜ਼ ਲਗਭਗ 1.5 ਲੱਖ ਘੱਟ ਗਈ ਸੀ।