'ਕਿਸ ਹੈਸੀਅਤ ਨਾਲ ਮਹਾਤਮਾ ਗਾਂਧੀ ਕਤਲ ਕਾਂਡ ਦੀ ਮੁੜ ਜਾਂਚ ਦੀ ਮੰਗ ਕਰ ਰਹੇ ਹੋ?'

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 12 ਜਨਵਰੀ: ਸੁਪਰੀਮ ਕੋਰਟ ਨੇ ਇਕ ਅਪੀਲ ਦਾਇਰ ਕਰ ਕੇ ਮਹਾਤਮਾ ਗਾਂਧੀ ਦੇ ਕਤਲ ਮਾਮਲੇ ਦੀ ਜਾਂਚ ਮੁੜ ਤੋਂ ਕਰਵਾਉਣ ਦੀ ਮੰਗ ਕਰਨ ਵਾਲੇ ਸ਼ਖ਼ਸ ਨੂੰ ਅੱਜ ਕੁੱਝ ਅਹਿਮ ਸਵਾਲ ਕੀਤੇ। ਅਦਾਲਤ ਨੇ ਅਪੀਲਕਰਤਾ ਨੂੰ ਵਿਸਤਾਰ ਨਾਲ ਇਹ ਦੱਸਣ ਨੂੰ ਕਿਹਾ ਕਿ ਉਹ ਕਿਸ ਹੈਸੀਅਤ ਨਾਲ ਇਸ ਮੁੱਦੇ ਨੂੰ ਚੁੱਕ ਰਹੇ ਹਨ ਅਤੇ ਇਸ 'ਚ ਏਨੀ ਦੇਰੀ ਕਿਉਂ ਕੀਤੀ ਗਈ? ਸਿਖਰਲੀ ਅਦਾਲਤ ਨੇ ਸਾਫ਼ ਕਰ ਦਿਤਾ ਕਿ ਉਹ ਮਾਮਲੇ 'ਚ ਸ਼ਾਮਲ ਵਿਅਕਤੀ ਦੇ ਕੱਦ ਨੂੰ ਵੇਖ ਕੇ ਨਹੀਂ ਬਲਕਿ ਕਾਨੂੰਨ ਦੇ ਹਿਸਾਬ ਨਾਲ ਫ਼ੈਸਲਾ ਕਰਾਂਗੇ।ਜਸਟਿਸ ਐਸ.ਏ. ਬੋਬੜੇ ਅਤੇ ਜਸਟਿਸ ਐਲ. ਨਾਗੇਸ਼ਵਰ ਰਾਵ ਦੀ ਬੈਂਚ ਨੇ ਅਪੀਲਕਰਤਾ ਨੂੰ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੇ ਵਿਅਕਤੀ ਦੀ ਮਹਾਨਤਾ ਤੋਂ ਪ੍ਰਭਾਵਤ ਨਾ ਹੋਣ, ਕਿਉਂਕਿ ਮੁੱਦਾ ਇਹ ਹੈ ਕਿ ਇਸ ਮਾਮਲੇ 'ਚ ਕੋਈ ਸਬੂਤ ਮੌਜੂਦ ਹੈ ਕਿ ਨਹੀਂ। 

ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਲਗਭਗ ਸਾਰੇ ਗਵਾਹਾਂ ਦੀ ਮੌਤ ਹੋ ਗਈ ਹੈ।ਅਦਾਲਤ ਮੁੰਬਈ 'ਚ ਰਹਿਣ ਵਾਲੇ ਖੋਜਕਰਤਾ ਅਤੇ ਅਭਿਨਵ ਭਾਰਤ ਦੇ ਟਰੱਸਟੀ ਫੜਨੀਸ ਵਲੋਂ ਦਾਇਰ ਅਪੀਲ ਦੀ ਸੁਣਵਾਈ ਕਰ ਰਿਹਾ ਸੀ ਫੜਨੀਸ ਨੇ ਕਈ ਆਧਾਰ ਦਸਦਿਆਂ ਮਹਾਤਮਾ ਗਾਂਧੀ ਦੇ ਕਤਲ ਦੀ ਜਾਂਚ ਮੁੜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਇਹ ਇਤਿਹਾਸ ਦੇ ਅਜਿਹੇ ਸੱਭ ਤੋਂ ਵੱਡੇ ਮਾਮਲਿਆਂ 'ਚੋਂ ਇਕ ਹੈ ਜਿਸ ਨੂੰ ਰਫ਼ਾ-ਦਫ਼ਾ ਕਰ ਦਿਤਾ ਗਿਆ।  (ਪੀਟੀਆਈ)