ਬਾਗਪਤ, 14 ਸਤੰਬਰ: ਉੱਤਰ
ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਕਾਠਾ ਪਿੰਡ 'ਚ ਯਮੁਨਾ ਨਦੀ 'ਚ ਅੱਜ ਹੋਏ ਕਿਸ਼ਤੀ ਹਾਦਸੇ
'ਚ 19 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ।
ਜ਼ਿਲ੍ਹਾ ਅਧਿਕਾਰੀ ਭਿਵਾਨੀ ਸਿੰਘ ਨੇ ਦਸਿਆ ਕਿ ਕਿਸ਼ਤੀ ਉਤੇ ਲਗਭਗ 60 ਲੋਕ ਸਵਾਰ ਸਨ। ਅਜੇ ਤਕ 19 ਲਾਸ਼ਾਂ ਕਢੀਆਂ ਜਾ ਚੁਕੀਆਂ ਹਨ। ਹਾਲਾਂਕਿ ਪਹਿਲਾਂ 22 ਲੋਕਾਂ ਦੀ ਮੌਤ ਦੀ ਖ਼ਬਰ ਆਈ ਸੀ। ਹਾਦਸੇ 'ਚ 15 ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 20 ਲੋਕ ਖ਼ੁਦ ਤੈਰ ਕੇ ਬਾਹਰ ਨਿਕਲ ਆਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਉਤੇ ਦੁਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਆਰਥਕ ਮਦਦ ਦਾ ਐਲਾਨ ਕੀਤਾ।
ਇਸ ਦੌਰਾਨ ਰਾਹਤ ਕਾਰਜਾਂ 'ਚ ਦੇਰੀ ਹੋਣ ਕਰ
ਕੇ ਗੁੱਸੇ 'ਚ ਆਏ ਲੋਕਾਂ ਨੇ ਹੰਗਾਮਾ ਕੀਤਾ ਅਤੇ ਦਿੱਲੀ-ਸਹਾਰਨਪੁਰ ਹਾਈਵੇ ਜਾਮ ਕਰ
ਦਿਤਾ। ਭੀੜ ਨੇ ਪ੍ਰਸ਼ਾਸਨ ਅਤੇ ਪੁਲਿਸ ਉਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ ਅਤੇ ਗੱਡੀਆਂ ਦੀ
ਤੋੜਭੰਨ ਕੀਤਾ। ਇਕ ਟਰੱਕ 'ਚ ਅੱਗ ਲਾ ਦਿਤੀ ਗਈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ
ਹਾਦਸੇ ਤੋਂ ਕਈ ਘੰਟੇ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪਹੁੰਚੇ। ਹਾਦਸਾ ਸਵੇਰੇ
ਪੌਣੇ ਅੱਠ ਵਜੇ ਹੋਇਆ ਕਿਸ਼ਤੀ 'ਚ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਜਿਸ ਕਾਰਨ ਇਹ ਪਲਟ
ਗਈ। (ਪੀਟੀਆਈ)