ਨਵੀਂ ਦਿੱਲੀ, 31 ਅਗੱਸਤ:
ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਚਾਲੂ ਵਿੱਤ ਵਰ੍ਹੇ ਦੀ ਪਹਿਲੀ
ਅਪ੍ਰੈਲ-ਜੂਨ ਦੀ ਤਿਮਾਹੀ 'ਚ ਘੱਟ ਕੇ 5.7 ਫ਼ੀ ਸਦੀ 'ਤੇ ਆ ਗਈ ਹੈ। ਇਹ ਇਸ ਦਾ ਤਿੰਨ
ਸਾਲਾਂ ਦਾ ਸੱਭ ਤੋਂ ਹੇਠਲਾ ਪੱਧਰ ਹੈ। ਇਹ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਭਾਰਤ ਦੀ
ਆਰਥਕ ਵਾਧਾ ਦਰ ਚੀਨ ਤੋਂ ਪਿੱਛੇ ਰਹੀ ਹੈ। ਨਿਰਮਾਣ ਗਤੀਵਿਧੀਆਂ 'ਚ ਸੁਸਤੀ ਵਿਚਕਾਰ
ਨੋਟਬੰਦੀ ਦਾ ਅਸਰ ਕਾਇਮ ਰਹਿਣ ਨਾਲ ਜੀ.ਡੀ.ਪੀ. ਦੀ ਵਾਧਾ ਦਰ ਘੱਟ ਰਹੀ। ਚੀਨ ਨੇ
ਜਨਵਰੀ-ਮਾਰਚ ਅਤੇ ਅਪ੍ਰੈਲ-ਜੂਨ ਤਿਮਾਹੀਆਂ 'ਚ 6.9 ਫ਼ੀ ਸਦੀ ਦੀ ਵਾਧਾ ਦਰ ਦਰਜ ਕੀਤੀ ਹੈ।
ਇਸ ਤੋਂ ਪਿਛਲੀ ਤਿਮਾਹੀ (ਜਨਵਰੀ-ਮਾਰਚ) 'ਚ ਜੀ.ਡੀ.ਪੀ. ਵਾਧਾ ਦਰ 6.1 ਫ਼ੀ ਸਦੀ
ਰਹੀ ਸੀ। ਜਦਕਿ 2016-17 ਦੀ ਪਹਿਲੀ ਤਿਮਾਹੀ ਦੀ ਸੋਧੀ ਵਾਧਾ ਦਰ 7.9 ਫ਼ੀ ਸਦੀ ਸੀ। ਇਸ
ਤੋਂ ਪਹਿਲਾਂ ਜਨਵਰੀ-ਮਾਰਚ, 2014 'ਚ ਜੀ.ਡੀ.ਪੀ. ਦੀ ਵਾਧਾ ਦਰ 4.6 ਫ਼ੀ ਸਦੀ ਦਰਜ ਹੋਈ
ਸੀ। ਅੰਕੜਿਆਂ ਅਨੁਸਾਰ ਖੇਤੀ ਖੇਤਰ ਦੀ ਵਾਧਾ ਦਰ ਵੀ ਘੱਟ ਰਹੀ। ਪਹਿਲੀ ਤਿਮਾਹੀ 'ਚ ਇਸ
ਖੇਤਰ 'ਚ ਜੀ.ਵੀ.ਏ. 2.3 ਫ਼ੀ ਸਦੀ ਰਿਹਾ, ਜੋ ਇਸ ਤੋਂ ਪਿਛਲੇ ਸਾਲ 2.5 ਫ਼ੀ ਸਦੀ ਸੀ।
ਸਾਲਾਨਾ
ਆਧਾਰ 'ਤੇ ਨਿਰਮਾਣ ਖੇਤਰ 'ਚ ਕੁਲ ਮੁੱਲ ਮੁੱਖ ਵਾਧਾ (ਜੀ.ਵੀ.ਏ.) 1.2 ਫ਼ੀ ਸਦੀ ਰਹਿ
ਗਿਆ। ਇਕ ਸਾਲ ਪਹਿਲਾਂ ਤਕ ਇਹ 10.7 ਫ਼ੀ ਸਦੀ ਸੀ। ਇਸ ਦਾ ਮੁੱਖ ਕਾਰਨ ਜੇ.ਐਸ.ਟੀ. ਦੇ
ਲਾਗੂ ਹੋਣ ਕਰ ਕੇ ਕੰਪਨੀਆਂ ਵਲੋਂ ਉਤਪਾਦਨ ਦੀ ਬਜਾਏ ਪੁਰਾਣਾ ਸਟਾਕ ਕੱਢਣ ਉਤੇ ਧਿਆਨ
ਦੇਣਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ.ਡੀ.ਪੀ. ਦੇ 5.7 ਰਹਿਣ ਉਤੇ ਚਿੰਤਾ
ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ 'ਚ
ਗਿਰਾਵਟ ਜੀ.ਐਸ.ਟੀ. ਤੋਂ ਪਹਿਲਾਂ ਕਾਰੋਬਾਰੀਆਂ ਵਲੋਂ ਸਟਾਕ ਖ਼ਾਲੀ ਕਰਨ ਕਰ ਕੇ ਆਈ ਹੈ।
ਇਸ
ਤੋਂ ਪਹਿਲਾਂ ਇਕ ਪ੍ਰੋਗਰਾਮ 'ਚ ਜੇਤਲੀ ਨੇ ਵਿਕਾਸ ਦਰ ਉਤੇ ਨੋਟਬੰਦੀ ਦੇ ਅਸਰ ਬਾਰੇ
ਕਿਹਾ ਕਿ ਤਿੰਨ ਤਿਮਾਹੀਆਂ ਤਕ ਨੋਟਬੰਦੀ ਦਾ ਮਾੜਾ ਅਸਰ ਪੈਣ ਦਾ ਅੰਦਾਜ਼ਾ ਸੀ ਪਰ ਦਰਮਿਆਨੇ
ਤੋਂ ਲੈ ਕੇ ਲੰਮੇਂ ਸਮੇਂ 'ਚ ਗ਼ੈਰਰਸਮੀ ਕਾਰੋਬਾਰ ਦੀਆਂ ਰਸਮੀ ਗਤੀਵਿਧੀਆਂ 'ਚ ਬਦਲਣ ਨਾਲ
ਅਰਥਚਾਰੇ ਨੂੰ ਇਸ ਦਾ ਲਾਭ ਮਿਲੇਗਾ।
ਵੱਖ ਤੋਂ ਜਾਰੀ ਇਕ ਹੋਰ ਅੰਕੜੇ ਅਨੁਸਾਰ
ਜੁਲਾਈ ਮਹੀਨੇ 'ਚ ਅੱਠ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਘੱਟ ਕੇ 2.4 ਫ਼ੀ ਸਦੀ ਉਤੇ ਆ ਗਈ
ਹੈ। ਮੁੱਖ ਤੌਰ ਤੇ ਕੱਚਾ ਤੇਲ, ਰਿਫ਼ਾਇਨਰੀ ਉਤਪਾਦਾਂ, ਖਾਦ ਅਤੇ ਸੀਮੈਂਟ ਉਤਪਾਦਨ 'ਚ
ਕਮੀ ਨਾਲ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਘਟੀ ਹੈ। ਨਵੀਂ ਅਸਿੱਧੀ ਟੈਕਸ ਵਿਵਸਥਾ
ਜੀ.ਐਸ.ਟੀ. ਨੂੰ ਲੈ ਕੇ ਅਨਿਸ਼ਚਿਤਤਾ ਕਰ ਕੇ ਕਾਰ, ਐਫ਼.ਐਮ.ਸੀ.ਜੀ. ਅਤੇ ਕਪੜਾ ਕੰਪਨੀਆਂ
ਦਾ ਧਿਆਨ ਅਪਣਾ ਸਟਾਕ ਖ਼ਤਮ ਕਰਨ ਉਤੇ ਰਿਹਾ।
ਹਾਲਾਂਕਿ ਮੁੱਖ ਅੰਕੜਾ ਮਾਹਰ ਟੀ.ਸੀ.ਏ.
ਅਨੰਤ ਨੇ ਕਿਹਾ ਕਿ ਜੀ.ਡੀ.ਪੀ. ਦੀ ਵਾਧਾ ਦਰ 'ਚ ਗਿਰਾਵਟ ਦਾ ਨੋਟਬੰਦੀ ਨਾਲ ਕੋਈ ਸਬੰਧ
ਨਹੀਂ ਹੈ ਅਤੇ ਜੀ.ਐਸ.ਟੀ. ਤੋਂ ਪਹਿਲਾਂ ਸਟਾਕ ਘਟਣਾ ਜੀ.ਡੀ.ਪੀ. ਵਾਧਾ ਦਰ 'ਚ ਕਮੀ ਦਾ
ਮੁੰਖ ਕਾਰਨ ਹੈ।
ਪਿਛਲੇ ਸਾਲ ਨਵੰਬਰ 'ਚ ਉੱਚੇ ਮੁੱਲ ਦੇ ਨੋਟਾਂ ਨੂੰ ਬੰਦ ਕੀਤੇ ਜਾਣ
ਨਾਲ ਜਨਵਰੀ-ਮਾਰਚ ਤਿਮਾਹੀ 'ਚ ਆਰਥਕ ਗਤੀਵਿਧੀਆਂ ਪ੍ਰਭਾਵਤ ਹੋਈਆਂ ਅਤੇ ਜੀ.ਡੀ.ਪੀ. ਦੀ
ਵਾਧਾ ਦਰ ਘੱਟ ਕੇ 6.1 ਫ਼ੀ ਸਦੀ ਉਤੇ ਆ ਗਈ। ਜੂਨ ਤਿਮਾਹੀ 'ਚ ਇਹ ਹੋਰ ਘੱਟ ਕੇ 5.7 ਫ਼ੀ
ਸਦੀ ਰਹਿ ਗਈ।
ਕੇਂਦਰੀ ਅੰਕੜਾ ਦਫ਼ਤਰ (ਸੀ.ਐਸ.ਓ.) ਵਲੋਂ ਜਾਰੀ ਅੰਕੜੇ ਬਾਜ਼ਾਰ ਦੀਆਂ
ਉਮੀਦਾਂ ਤੋਂ ਘੱਟ ਰਹੇ ਹਨ। ਬਾਜ਼ਾਰ ਦਾ ਅੰਦਾਜ਼ਾ ਸੀ ਕਿ ਜੀ.ਡੀ.ਪੀ. ਦੀ ਵਾਧਾ ਦਰ ਜਨਵਰੀ
ਮਾਰਚ ਦੇ 6.1 ਫ਼ੀ ਸਦੀ ਅੰਕੜੇ ਤੋਂ ਉੱਚੀ ਰਹੇਗੀ। ਕ੍ਰਿਸਿਲ ਦੇ ਡੀ.ਕੇ. ਜੋਸ਼ੀ ਨੇ
ਜੀ.ਡੀ.ਪੀ. ਅੰਕੜਿਆਂ ਨੂੰ ਨਿਰਾਸ਼ਾਜਨਕ ਦਸਿਆ। ਉਨ੍ਹਾਂ ਕਿਹਾ ਕਿ ਉਮੀਦ ਪ੍ਰਗਟਾਈ ਜਾ ਰਹੀ
ਸੀ ਕਿ ਵਾਧਾ ਦਰ 6.5 ਫ਼ੀ ਸਦੀ ਰਹੇਗੀ। (ਪੀਟੀਆਈ)