ਰਾਂਚੀ, 24 ਜਨਵਰੀ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਈਬਾਸਾ ਸਰਕਾਰੀ ਖ਼ਜ਼ਾਨੇ ਨਾਲ ਜੁੜੇ ਮਾਮਲੇ ਵਿਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਅੱਜ ਪੰਜ-ਪੰਜ ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ। ਅਦਾਲਤ ਨੇ ਇਨ੍ਹਾਂ ਦੋਹਾਂ ਨੂੰ ਦਸ ਲੱਖ ਅਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਕੁਲ 50 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਅਤੇ ਛੇ ਜਣੇ ਬਰੀ ਕਰ ਦਿਤੇ ਗਏ।ਦੇਵਧਰ ਖ਼ਜ਼ਾਨੇ ਨਾਲ ਜੁੜੇ ਮਾਮਲੇ ਵਿਚ ਸਜ਼ਾ ਹੋਣ ਮਗਰੋਂ ਲਾਲੂ ਪ੍ਰਸਾਦ ਬਿਰਸਾ ਮੁੰਡਾ ਜੇਲ ਵਿਚ ਬੰਦ ਹੈ। ਵਿਸ਼ੇਸ਼ ਜੱਜ ਸਵਰਨ ਸ਼ੰਕਰ ਪ੍ਰਸਾਦ ਨੇ 950 ਕਰੋੜ ਰੁਪਏ ਦੇ ਚਾਰਾ ਘੁਟਾਲੇ ਨਾਲ ਜੁੜੇ ਮਾਮਲੇ ਵਿਚ ਖ਼ਜ਼ਾਨੇ ਵਿਚੋਂ 35 ਕਰੋੜ 62 ਲੱਖ ਰੁਪਏ ਫ਼ਰਜ਼ੀ ਢੰਗ ਨਾਲ ਕਢਾਉਣ ਦੇ ਜੁਰਮ ਵਿਚ ਲਾਲੂ ਅਤੇ ਮਿਸ਼ਰਾ ਸਮੇਤ 50 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਛੇ ਜਣਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ। ਧਰੁਵ ਭਗਤ ਨੂੰ ਤਿੰਨ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਵਿਦਿਆਸਾਗਰ ਨਿਸ਼ਾਦ ਨੂੰ ਤਿੰਨ ਸਾਲ, ਜਗਦੀਸ਼ ਸ਼ਰਮਾ ਨੂੰ ਪੰਜ ਸਾਲ, ਤਿੰਨ ਸਾਬਕਾ ਆਈਏਐਸ ਅਧਿਕਾਰੀਆਂ ਫੂਲਚੰਦ ਸਿੰਘ, ਮਹੇਸ਼ ਪ੍ਰਸਾਦ ਅਤੇ ਸਜਨ ਚਕਰਵਰਤੀ ਨੂੰ ਚਾਰ-ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨੇ ਵੀ ਲਾਏ ਗਏ ਹਨ।
ਅਦਾਲਤ ਨੇ ਸਾਰੇ ਰਾਜਸੀ ਕੈਦੀਆਂ ਅਤੇ ਅਧਿਕਾਰੀਆਂ ਨੂੰ ਤਿੰਨ ਤੋਂ ਪੰਜ ਸਾਲ ਦੀ ਕੈਦ, ਮਹਿਲਾ ਮੁਲਜ਼ਮਾਂ ਨੂੰ ਤਿੰਨ ਸਾਲ ਦੀ ਕੈਦ ਅਤੇ ਚਾਰਾ ਸਪਲਾਈਕਾਰਾਂ ਨੂੰ ਤਿੰਨ ਤੋਂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨ ਸਾਲ ਦੀ ਸਜ਼ਾਯਾਫ਼ਤਾ ਦੋਸ਼ੀਆਂ ਨੂੰ ਜ਼ਮਾਨਤ ਲਈ ਜ਼ਮਾਨਤ ਪੱਤਰ ਭਰਨ ਦੇ ਨਿਰਦੇਸ਼ ਦਿਤੇ ਹਨ। ਦੇਵਘਰ ਮਾਮਲੇ ਵਿਚ ਸੀਬੀਆਈ ਅਦਾਲਤ ਨੇ ਜਗਨਨਾਥ ਮਿਸ਼ਰ ਨੂੰ ਬਰੀ ਕਰ ਦਿਤਾ ਸੀ। ਚਾਰਾ ਘੁਟਾਲਾ ਦਾ ਇਹ ਤੀਜਾ ਮਾਮਲਾ ਹੈ ਜਿਸ ਵਿਚ ਲਾਲੂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਪਿਛਲੇ ਇਕ ਮਹੀਨੇ ਵਿਚ ਹੀ ਲਾਲੂ ਚਾਰਾ ਘੁਟਾਲੇ ਦੇ ਤੀਜੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਹਨ। ਚਾਰਾ ਘੁਟਾਲੇ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਫ਼ਰਵਰੀ ਵਿਚ ਫ਼ੈਸਲਾ ਆਉਣ ਦੀ ਸੰਭਾਵਨਾ ਹੈ। ਪਹਿਲੇ ਮਾਮਲੇ ਵਿਚ ਲਾਲੂ ਨੂੰ ਸਾਢੇ ਤਿੰਨ ਸਾਲ ਦੀ ਕੈਦ ਹੋਈ ਸੀ। ਹਾਲੇ ਹੋਰ ਤਿੰਨ ਮਾਮਲਿਆਂ ਦਾ ਫ਼ੈਸਲਾ ਆਉਣਾ ਹੈ।