ਲਾਲੂ, ਜਗਦੀਸ਼, ਰਾਣਾ ਸਮੇਤ 16 ਦੀ ਸਜ਼ਾ ਬਾਰੇ ਬਹਿਸ ਪੂਰੀ, ਫ਼ੈਸਲਾ ਅੱਜ

ਖ਼ਬਰਾਂ, ਰਾਸ਼ਟਰੀ

ਰਾਂਚੀ, 5 ਜਨਵਰੀ : ਚਾਰਾ ਘੁਟਾਲੇ ਨਾਲ ਜੁੜੇ ਦੇਵਘਰ ਖ਼ਜ਼ਾਨੇ ਵਿਚੋਂ 89 ਲੱਖ, 27 ਹਜ਼ਾਰ ਰੁਪਏ ਗ਼ਲਤ ਤਰੀਕੇ ਨਾਲ ਕਢਾਉਣ ਦੇ ਮਾਮਲੇ ਵਿਚ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਆਰ ਕੇ ਰਾਣਾ, ਜਗਦੀਸ਼ ਸ਼ਰਮਾ ਅਤੇ ਤਿੰਨ ਸਾਬਕਾ ਆਈਏਐਸ ਅਫ਼ਸਰਾਂ ਸਮੇਤ 16 ਜਣਿਆਂ ਦੀ ਸਜ਼ਾ ਦੇ ਬਿੰਦੂ 'ਤੇ ਅਦਾਲਤ ਵਿਚ ਬਹਿਸ ਪੂਰੀ ਹੋ ਗਈ ਅਤੇ ਅਦਾਲਤ ਨੇ ਸਜ਼ਾ ਸੁਣਾਉਣ ਲਈ ਕਲ ਦੋ ਵਜੇ ਦਾ ਸਮਾਂ ਤੈਅ ਕੀਤਾ ਹੈ। ਅਦਾਲਤ ਵਿਚ ਅੱਜ ਦੋ ਵਜੇ ਸੀਬੀਆਈ ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਪ੍ਰਸਾਦ ਅਤੇ ਆਰਜੇਡੀ ਦੇ ਦੂਜੇ ਨੇਤਾ ਆਰ ਕੇ ਰਾਣਾ ਦੀ ਪੇਸ਼ੀ ਜੇਲ ਤੋਂ ਹੀ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਕਰਾਉਣ ਦੇ ਹੁਕਮ ਦਿਤੇ।

 ਫਿਰ ਜੱਜ ਈ ਕੋਰਟ ਪਹੁੰਚੇ ਅਤੇ ਉਥੇ ਈ ਲਿੰਕ ਰਾਹੀਂ ਲਾਲੂ ਯਾਦਵ ਅਤੇ ਆਰ ਕੇ ਰਾਣਾ ਦੀ ਅਦਾਲਤ ਵਿਚ ਪੇਸ਼ੀ ਕਰਾਈ ਗਈ। ਅਦਾਲਤ ਨੇ ਸਜ਼ਾ ਦੇ ਬਿੰਦੂ 'ਤੇ ਲਾਲੂ ਦੇ ਵਕੀਲਾਂ ਦੀ ਬਹਿਸ ਸੁਣੀ ਜਿਸ ਵਿਚ ਲਾਲੂ ਦੀ ਉਮਰ ਅਤੇ ਬੀਮਾਰੀ ਦਾ ਵਾਸਤਾ ਪਾਇਆ ਗਿਆ। ਅਦਾਲਤ ਨੇ ਇਕ ਇਕ ਕਰ ਕੇ ਹੋਰ ਦੋਸ਼ੀਆਂ ਦੀ ਵੀ ਸਜ਼ਾ ਦੇ ਬਿੰਦੂ ਬਾਰੇ ਉਨ੍ਹਾਂ ਦੀ ਮੌਜੂਦਗੀ ਵਿਚ ਬਹਿਸ ਸੁਣੀ। ਇਹ ਸਾਰੇ ਅਦਾਲਤ ਵਿਚ ਹਾਜ਼ਰ ਹੋਏ। ਲਾਲੂ ਦੇ ਵਕੀਲ ਨੇ ਦਸਿਆ ਕਿ ਅਦਾਲਤ ਨੇ ਸਜ਼ਾ ਬਾਰੇ ਸਾਰਿਆਂ ਦੀ ਬਹਿਸ ਸੁਣਨ ਮਗਰੋਂ ਇਸ ਮਾਮਲੇ ਵਿਚ ਹੁਕਮ ਲਈ ਕਲ ਦੁਪਹਿਰ ਦੋ ਵਜੇ ਦਾ ਸਮਾਂ ਤੈਅ ਕੀਤਾ ਹੈ।           (ਏਜੰਸੀ)