ਨਵੀਂ ਦਿੱਲੀ, 15 ਮਾਰਚ : ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਅਤੇ ਪੀਐਨਬੀ ਧੋਖਾਧੜੀ ਮਾਮਲੇ ਸਮੇਤ ਕਈ ਮੁੱਦਿਆਂ 'ਤੇ ਲੋਕ ਸਭਾ ਵਿਚ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮੇ ਕਾਰਨ ਅੱਜ ਲਗਾਤਾਰ ਨੌਵੇਂ ਦਿਨ ਵੀ ਸਦਨ ਦੀ ਕਾਰਵਾਈ ਪ੍ਰਭਾਵਤ ਰਹੀ ਅਤੇ ਸਪੀਕਰ ਦੇ ਹੰਗਾਮੇ ਵਿਚ ਹੀ ਦੋ ਅਹਿਮ ਬਿਲਾਂ ਨੂੰ ਪਾਸ ਕਰਾਉਣ ਮਗਰੋਂ ਬੈਠਕ ਨੂੰ ਦਿਨ ਭਰ ਲਈ ਰੋਕ ਦਿਤਾ ਗਿਆ। ਹੰਗਾਮੇ ਵਿਚ ਹੀ ਬਿਲ ਪਾਸ ਹੋਣ ਮਗਰੋਂ ਕੁੱਝ ਮੈਂਬਰਾਂ ਨੇ ਵਿਰੋਧ ਵਜੋਂ ਕਾਗ਼ਜ਼ ਫਾੜ ਕੇ ਸੁੱਟ ਦਿਤੇ। ਇਕ ਵਾਰ ਕਾਰਵਾਈ ਮੁਲਤਵੀ ਕਰਨ ਮਗਰੋਂ ਸਦਨ ਦੀ ਬੈਠਕ ਫਿਰ ਸ਼ੁਰੂ ਹੋ ਗਈ ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਤੇਲਗੂ ਦੇਸਮ ਪਾਰਟੀ, ਵਾਈਐਸਆਰ ਕਾਂਗਰਸ, ਅੰਨਾਡੀਐਮਕੇ ਅਤੇ ਟੀਆਰਐਸ ਦੇ ਮੈਂਬਰ ਆਪੋ-ਅਪਣੇ ਮੁੱਦਿਆਂ 'ਤੇ ਨਾਹਰੇਬਾਜ਼ੀ ਕਰਦਿਆਂ ਕੁਰਸੀ ਕੋਲ ਆ ਗਏ। ਹੰਗਾਮੇ ਵਿਚ ਹੀ ਸਪੀਕਰ ਨੇ ਜ਼ਰੂਰੀ ਕਾਗ਼ਜ਼ ਪੇਸ਼ ਕਰਾਏ। ਤੇਲਗੂ ਦੇਸਮ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਮੰਤਰੀ ਪਰਿਸ਼ਦ ਤੋਂ ਅਪਣੇ ਅਸਤੀਫ਼ੇ ਦੇ ਸਬੰਧ ਵਿਚ ਭਾਸ਼ਨ ਦਿਤਾ।