ਲੋਕ ਸਭਾ ਨੇ 'ਤਿੰਨ ਤਲਾਕ' ਬਾਰੇ ਬਿਲ ਨੂੰ ਦਿਤੀ ਮਨਜ਼ੂਰੀ

ਖ਼ਬਰਾਂ, ਰਾਸ਼ਟਰੀ

ਬੀਜੂ ਜਨਤਾ ਦਲ ਅਤੇ ਏ.ਆਈ.ਐਮ.ਆਈ.ਐਮ. ਦੇ ਓਵੈਸੀ ਨੇ ਬਿਲ ਦੇ ਵਿਰੋਧ 'ਚ ਕੀਤਾ ਵਾਕਆਊਟ

ਨਵੀਂ ਦਿੱਲੀ, 28 ਦਸੰਬਰ: ਲੋਕ ਸਭਾ 'ਚ ਅੱਜ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿਲ, 2017 ਪਾਸ ਕਰ ਦਿਤਾ ਗਿਆ ਜਿਸ 'ਚ ਮੁਸਲਮਾਨ ਪਤੀਆਂ ਵਲੋਂ ਇਕ ਵਾਰੀ 'ਚ ਤਿੰਨ ਤਲਾਕ (ਤਲਾਕ ਏ ਬਿੱਦਤ) ਕਹਿਣ ਨੂੰ ਖ਼ਤਮ ਕਰਨ ਅਤੇ ਗ਼ੈਰਕਾਨੂੰਨੀ ਕਰਾਰ ਦੇਣ ਨੂੰ ਸਜ਼ਾਯੋਗ ਅਪਰਾਧ ਐਲਾਨ ਕਰਨ ਦੀ ਸ਼ਰਤ ਸ਼ਾਮਲ ਕੀਤੀ ਗਈ ਹੈ।ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਇਸ ਬਿਲ ਨੂੰ ਰਾਜ ਸਭਾ 'ਚ ਭੇਜਿਆ ਜਾਵੇਗਾ ਜਿਥੇ ਸਰਕਾਰ ਕੋਲ ਬਹੁਮਤ ਨਹੀਂ ਹੈ ਪਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਰੁਖ਼ ਨੂੰ ਵੇਖਦਿਆਂ ਉਪਰਲੇ ਸਦਨ 'ਚ ਵੀ ਇਸ ਦੇ ਪਾਸ ਹੋਣ ਦੀ ਉਮੀਦ ਹੈ। ਬਿਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਕਾਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਗ਼ਰੀਬ ਅਤੇ ਕਮਜ਼ੋਰ ਮੁਸਲਮਾਨ ਔਰਤਾਂ ਦੇ ਹੱਕ 'ਚ ਖੜੇ ਹੋਣਾ ਅਪਰਾਧ ਹੈ ਤਾਂ ਇਹ ਅਪਰਾਧ ਉਹ ਦਸ ਵਾਰੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਵੋਟਾਂ ਦੀ ਤਕੜੀ 'ਚ ਨਹੀਂ ਤੋਲ ਰਹੇ ਅਤੇ ਸਿਆਸਤ ਦੇ ਚਸ਼ਮੇ ਨਾਲ ਨਹੀਂ ਬਲਕਿ ਇਨਸਾਨੀਅਤ ਦੇ ਚਸ਼ਮੇ ਨਾਲ ਵੇਖ ਰਹੇ ਹਨ। ਪ੍ਰਸਾਦ ਨੇ ਕਾਂਗਰਸ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਦਾ ਪੂਰਾ ਸੁਰ ਭਰਮ ਪੈਦਾ ਕਰਦਾ ਹੈ। ਉਹ ਬਿਲ ਦੀ ਹਮਾਇਤ ਵੀ ਕਰਦੇ ਹਨ ਅਤੇ ਸਵਾਲ ਵੀ ਚੁਕਦੇ ਹਨ। 

ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਇਕ ਪਾਸੇ ਬਿਲ ਨੂੰ ਜਲਦਬਾਜ਼ੀ 'ਚ ਪੇਸ਼ ਕਰਨ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਕਹਿੰਦੀ ਹੈ ਕਿ ਇਸ ਨੂੰ ਪਹਿਲਾਂ ਕਿਉਂ ਨਹੀਂ ਲਿਆਂਦਾ ਗਿਆ? ਉਨ੍ਹਾਂ ਕਿਹਾ ਕਿ ਤਿੰਨ ਤਲਾਕ ਦਾ ਮਾਮਲਾ ਸੁਪਰੀਮ ਕੋਰਟ 'ਚ ਲਟਕਦਾ ਸੀ ਇਸ ਲਈ ਸਰਕਾਰ ਅਪਣੇ ਵਲੋਂ ਕੁੱਝ ਨਹੀਂ ਕਰ ਸਕਦੀ ਸੀ। ਜਦੋਂ ਸੁਪਰੀਮ ਕੋਰਟ ਨੇ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿਤਾ ਤਾਂ ਉਹ ਬਿਲ ਲੈ ਕੇ ਆਏ। ਬਿਲ ਪੇਸ਼ ਕਰਦਿਆਂ ਉਨ੍ਹਾਂ ਇਸ ਕਾਨੂੰਨ ਨੂੰ ਇਤਿਹਾਸਕ ਦਸਿਆ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਤਲਾਕ-ਏ-ਬਿੱਦਤ ਨੂੰ ਗ਼ੈਰਕਾਨੂੰਨੀ ਐਲਾਨ ਕੀਤੇ ਜਾਣ ਤੋਂ ਬਾਅਦ ਮੁਸਲਮਾਨ ਔਰਤਾਂ ਨੂੰ ਨਿਆਂ ਦੇਣ ਲਈ ਇਸ ਸਦਨ ਵਲੋਂ ਇਸ ਬਾਬਤ ਬਿਲ ਪਾਸ ਕੀਤਾ ਜਾਣਾ ਜ਼ਰੂਰੀ ਹੋ ਗਿਆ ਸੀ।ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਅਸਾਸੂਦੀਨ ਓਵੈਸੀ, ਐਨ.ਕੇ. ਪ੍ਰੇਮਚੰਦਰਨ, ਜਾਇਸ ਜਾਰਜ, ਬੀ. ਮਹਿਤਾਬ, ਏ. ਸੰਪਤ, ਅਧੀਰ ਰੰਜਨ ਚੌਧਰੀ ਅਤੇ ਸੁਸ਼ਮਿਤਾ ਦੇਵ ਦੀਆਂ ਸੋਧਾਂ ਨੂੰ ਨਕਾਰ ਦਿਤਾ। ਬਿਲ ਨੂੰ ਪਾਸ ਕਰਨ ਦਾ ਵਿਰੋਧ ਕਰਦਿਆਂ ਬੀਜੂ ਜਨਤਾ ਦਲ ਅਤੇ ਏ.ਆਈ.ਐਮ.ਆਈ.ਐਮ. ਦੇ ਓਵੈਸੀ ਨੇ ਸਦਨ 'ਚੋਂ ਵਾਕਆਊਟ ਕੀਤਾ।           (ਪੀਟੀਆਈ)