ਨਵੀਂ ਦਿੱਲੀ, 21 ਸਤੰਬਰ :
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ
ਕਿ ਉਨ੍ਹਾਂ ਨੂੰ ਲੋਕ ਸਭਾ ਵਿਚ ਅਪਣੀ ਪਾਰਟੀ ਦੀ ਬਹੁਮਤ ਦਾ ਲਾਭ ਲੈਂਦਿਆਂ ਮਹਿਲਾ
ਰਾਖਵਾਂਕਰਨ ਬਿਲ ਪਾਸ ਕਰਵਾਉਣਾ ਚਾਹੀਦਾ ਹੈ।
ਇਹ ਬਿਲ 9 ਮਾਰਚ 2010 ਨੂੰ ਕਾਂਗਰਸ ਦੀ
ਸਰਕਾਰ ਦੇ ਸ਼ਾਸਨਕਾਲ ਵੇਲੇ ਰਾਜ ਸਭਾ ਵਿਚ ਪਾਸ ਹੋ ਚੁਕਾ ਹੈ ਪਰ ਹਾਲੇ ਲੋਕ ਸਭਾ ਵਿਚ
ਪਾਸ ਨਹੀਂ ਹੋਇਆ। ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ
ਉਨ੍ਹਾਂ ਦੀ ਪਾਰਟੀ ਮਹਿਲਾਂ ਰਾਖਵਾਂਕਰਨ ਬਿਲ ਦਾ ਸਮਰਥਨ ਕਰੇਗੀ। ਉਨ੍ਹਾਂ ਇਸ ਨੂੰ
ਮਹਿਲਾਂ ਸ਼ਕਤੀਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਦਸਿਆ।
ਕਾਂਗਰਸ ਪ੍ਰਧਾਨ ਨੇ ਮੋਦੀ ਨੂੰ
ਭੇਜੀ ਚਿੱਠੀ ਵਿਚ ਕਿਹਾ, ''ਮੈਂ ਤੁਹਾਨੂੰ ਇਹ ਬੇਨਤੀ ਕਰਨ ਲਈ ਲਿਖ ਰਹੀ ਹਾਂ ਕਿ ਲੋਕ
ਸਭਾ ਵਿਚ ਤੁਹਾਡੇ ਕੋਲ ਬਹੁਮਤ ਹੈ ਤੇ ਇਸ ਦਾ ਲਾਭ ਲੈਂਦਿਆਂ ਮਹਿਲਾ ਰਾਖਵਾਂਕਰਨ ਬਿਲ ਪਾਸ
ਕਰਵਾਉ।' ਇਹ ਚਿੱਠੀ 20 ਸਤੰਬਰ ਨੂੰ ਲਿਖੀ ਗਈ ਹੈ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ
ਕਾਂਗਰਸ ਅਤੇ ਰਾਜੀਵ ਗਾਂਧੀ ਨੇ ਸੰਵਿਧਾਨ ਸੋਧ ਬਿਲਾਂ ਜ਼ਰੀਏ ਪੰਚਾਇਤਾਂ ਅਤੇ ਸਥਾਨਕ
ਸੰਸਥਾਵਾਂ ਵਿਚ ਮਹਿਲਾਂ ਰਾਖਵਾਂਕਰਨ ਵਾਸਤੇ ਪਹਿਲੀ ਵਾਰ ਪ੍ਰਬੰਧ ਕਰ ਕੇ ਮਹਿਲਾ ਸ਼ਕਤੀਕਰਨ
ਦੀ ਦਿਸ਼ਾ ਵਿਚ ਕਦਮ ਚੁਕਿਆ ਸੀ।
ਸੋਨੀਆ ਨੇ ਕਿਹਾ ਕਿ ਉਨ੍ਹਾਂ ਬਿਲਾਂ ਨੂੰ 1989 ਵਿਚ
ਵਿਰੋਧੀਆਂ ਨੇ ਪਾਸ ਨਹੀਂ ਹੋਣ ਦਿਤਾ ਸੀ ਪਰ ਬਾਅਦ ਵਿਚ 1993 ਵਿਚ ਦੋਹਾਂ ਸਦਨਾਂ ਵਿਚ
ਪਾਸ ਹੋ ਗਿਆ। ਮਹਿਲਾਂ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਸੁਸ਼ਮਿਤਾ ਦੇਵ ਨੇ ਅੱਜ ਪੱਤਰਕਾਰ
ਸੰਮੇਲਨ ਵਿਚ ਕਿਹਾ ਕਿ ਮਹਿਲਾ ਕਾਂਗਰਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ
ਵਾਸਤੇ ਸਮਾਂ ਮੰਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਜਾਣ ਵਾਲਾ ਜੱਥਾ ਉਨ੍ਹਾਂ ਨੂੰ ਇਹ ਮੰਗ ਪੱਤਰ ਦੇਵੇਗਾ। (ਏਜੰਸੀ)