ਲੋਕਤੰਤਰ 'ਚ ਮਨਜ਼ੂਰ ਨਹੀਂ ਹਿੰਸਕ ਧਮਕੀਆਂ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 24 ਨਵੰਬਰ: ਪਦਮਾਵਤੀ ਫ਼ਿਲਮ ਵਿਵਾਦ ਵਿਚਕਾਰ ਉਪਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਹਿੰਸਕ ਧਮਕੀਆਂ ਦੇਣਾ ਅਤੇ ਕਿਸੇ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਲਈ ਇਨਾਮ ਦਾ ਐਲਾਨ ਕਰਨਾ ਲੋਕਤੰਤਰ 'ਚ ਮਨਜ਼ੂਰ ਨਹੀਂ ਹੈ।ਉਪਰਾਸ਼ਟਰਪਤੀ ਨੇ ਇਸ ਵਿਵਾਦ ਉਤੇ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਕਿਹਾ ਪਰ ਆਮ ਤੌਰ 'ਤੇ ਫ਼ਿਲਮਾਂ ਅਤੇ ਕਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇਸ਼ 'ਚ ਕਾਨੂੰਨ ਦੇ ਰਾਜ ਦੀ ਉਲੰਘਣਾ ਵਿਰੁਧ ਚੇਤਾਵਨੀ ਦਿਤੀ।ਇੱਥੇ ਇਕ ਸਾਹਿਤਕ ਪ੍ਰੋਗਰਾਮ 'ਚ ਨਾਇਡੂ ਨੇ ਕਿਹਾ ਕਿ ਅਜੇ ਕੁੱਝ ਫ਼ਿਲਮਾਂ ਨੂੰ ਲੈ ਕੇ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਜਿੱਥੇ ਕੁੱਝ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਕੁੱਝ ਧਰਮਾਂ ਜਾਂ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਢਾਹ ਲਾਈ ਹੈ ਅਤੇ ਇਸੇ ਕਰ ਕੇ ਪ੍ਰਦਰਸ਼ਨ ਨਹੀਂ ਹੋ ਰਹੇ।ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਦੌਰਾਨ ਕੁੱਝ ਲੋਕ ਭਾਵਨਾਵਾਂ 'ਚ ਵਹਿ ਕੇ ਇਨਾਮ ਦਾ ਐਲਾਨ ਕਰ ਦਿੰਦੇ ਹਨ। ਉਪਰਾਸ਼ਟਰਪਤੀ ਨੇ ਕਿਹਾ, ''ਇਨ੍ਹਾਂ ਲੋਕਾਂ ਕੋਲ ਏਨਾ ਪੈਸਾ ਹੈ ਵੀ ਜਾਂ ਨਹੀਂ, ਮੈਨੂੰ ਸ਼ੱਕ ਹੈ। ਸਾਰੇ ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰ ਰਹੇ ਹਨ। ਕੀ ਇਕ ਕਰੋੜ ਰੁਪਏ ਹੋਣਾ ਏਨਾ ਆਸਾਨ ਹੈ?''ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਇਹ ਮਨਜ਼ੂਰ ਨਹੀਂ ਹੈ। ਲੋਕਤੰਤਰ 'ਚ ਵਿਰੋਧ ਕਰਨ ਦਾ ਅਧਿਕਾਰ ਤਾਂ ਹੈ ਪਰ ਤੁਸੀ ਸਰੀਰਕ ਰੋਕ ਪੈਦਾ ਨਹੀਂ ਕਰ ਸਕਦੇ ਅਤੇ ਹਿੰਸਕ ਧਮਕੀਆਂ ਨਹੀਂ ਦੇ ਸਕਦੇ। ਕਾਨੂੰਨ ਦੇ ਸ਼ਾਸਨ ਦੀ ਉਲੰਘਣਾ ਨਾ ਕਰੋ।