ਯੂ.ਪੀ. ਵਿੱਚ 'ਬਾਹੂਬਲੀ' ਵਜੋਂ ਜਾਣੇ ਜਾਂਦੇ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਦੀ ਪੰਜਾਬ ਫੇਰੀ ਨੇ ਪੁਲਿਸ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਅਤੇ ਇਸ ਵੇਲੇ ਨਜ਼ਰਾਂ ਅਤੇ ਨਿਸ਼ਾਨੇ ਦੋਵੇਂ ਹੀ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿੱਕੀ ਢਿੱਲੋਂ 'ਤੇ ਹਨ ਜਿਹਨਾਂ ਕੋਲ ਰਾਜਾ ਭਈਆ ਨੇ ਇਹ ਫੇਰੀ ਪਾਈ। ਕਿੱਕੀ ਢਿੱਲੋਂ ਨੇ ਇਸ ਮੁਲਾਕਾਤ ਦਾ ਜ਼ੋਰ-ਸ਼ੋਰ 'ਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਵੀ ਕੀਤਾ ਪਰ ਉਹੀ ਪ੍ਰਚਾਰ ਹੁਣ ਉਹਨਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਵਿਰੋਧੀ ਧਿਰ ਵੱਲੋਂ ਇਸ ਬਾਰੇ ਤਿੱਖੇ ਪ੍ਰਤੀਕਰਮ ਆ ਰਹੇ ਹਨ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਨਾਲ ਕਾਂਗਰਸ ਸਰਕਾਰ ਦੀ ਵੀ ਇਸ ਕਾਰਨ ਆਲੋਚਨਾ ਕੀਤੀ ਜਾ ਰਹੀ ਹੈ।
ਰਾਜਾ ਭਈਆ ਦੀ ਛਵੀ ਕਾਰਨ ਉਸਦੀ ਪੰਜਾਬ ਫੇਰੀ ਨਾਲ ਪੰਜਾਬ ਦੀ ਸਿਆਸੀ ਹਵਾ ਦਾ ਰੁਖ਼ ਬਦਲਣਾ ਸੁਭਾਵਿਕ ਹੀ ਹੈ ਪਰ ਆਖ਼ਿਰਕਾਰ ਸਿਆਸੀ ਨੇਤਾਵਾਂ ਦੇ ਤਾਰ ਅਪਰਾਧ ਜਗਤ ਨਾਲ ਜੁੜੇ ਲੋਕਾਂ ਨਾਲ ਕਿਉਂ ਜੁੜਦੇ ਹਨ ? ਇਸ ਮਾਮਲੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਅਕਸ ਦਾਗ਼ਦਾਰ ਹੈ।
ਪੰਜਾਬ ਦਾ ਇੱਕ ਸਾਬਕਾ ਗੈਂਗਸਟਰ ਇੱਕ ਇੰਟਰਵਿਊ ਵਿੱਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਬਾਰੇ ਵੀ ਅਜਿਹਾ ਖੁਲਾਸਾ ਕਰ ਚੁੱਕਿਆ ਹੈ। ਉਸ ਦਾ ਕਹਿਣਾ ਸੀ ਕਿ ਮਲੂਕਾ ਗੈਂਗਸਟਰਾਂ ਦੀ ਪੁਸ਼ਟੀ-ਪਨਾਹੀ ਕਰਦੇ ਹਨ ਅਤੇ ਉਹਨਾਂ ਨੂੰ ਸਿਆਸੀ ਫਾਇਦਿਆਂ ਲਈ ਵਰਤਦੇ ਹਨ।