ਲੁਧਿਆਣਾ-ਦਿੱਲੀ ਉਡਾਣ ਕਾਰਨ ਕਾਂਗਰਸ ਤੇ ਅਕਾਲੀ ਦਲ ਭਿੜੇ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ/ਲੁਧਿਆਣਾ, 3 ਸਤੰਬਰ (ਛਿੱਬਰ/ ਮਹੇਸ਼ਇੰਦਰ ਮਾਂਗਟ/ਸਰਬਜੀਤ ਲੁਧਿਆਣਵੀ): ਲੰਮੇ ਸਮੇਂ ਤੋਂ ਬੰਦ ਪਈ ਸਾਹਨੇਵਾਲ-ਦਿੱਲੀ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਗਈ। ਜਿਸ ਨੂੰ ਮੁੜ ਸ਼ੁਰੂ ਕਰਵਾਉਣ ਲਈ ਆਪੋ ਆਪਣਿਆਂ ਦੇ ਸਿਰ ਸਿਹਰਾ ਬੰਨ੍ਹਦੇ ਹੋਏ ਇਕ ਦੂਜੇ ਨੂੰ ਮੇਹਣੋ ਮੇਹਣੀ ਹੋ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਹਿਲੀ ਵਾਰ ਲੁਧਿਆਣਾ-ਦਿੱਲੀ ਉਡਾਣ ਸ਼ੁਰੂ ਕਰਨ ਦਾ ਫ਼ੁਰਨਾ ਮਈ 2007 ਵਿਚ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਫੁਰਿਆ ਸੀ ਅਤੇ 13 ਮਾਰਚ 2008 ਨੂੰ ਅਲਾਇੰਸ ਏਅਰ ਨੇ ਲੁਧਿਆਣਾ ਤੋਂ  ਉਡਾਣਾਂ ਸ਼ੁਰੂ ਕਰਨ ਬਾਰੇ ਸਿਧਾਂਤਕ ਤੌਰ 'ਤੇ ਫ਼ੈਸਲਾ ਲੈ ਕੇ ਇਸ ਵਿਚਾਰ ਨੂੰ ਹਕੀਕਤ ਦੇ ਰਾਹ ਉੱਤੇ ਤੋਰ ਦਿਤਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਜੈਕਟ ਅਕਾਲੀ-ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀਆਂ ਜੀਅ ਤੋੜ ਕੋਸ਼ਿਸ਼ਾਂ ਸਦਕਾ ਨੇਪਰੇ ਚੜ੍ਹਿਆ ਸੀ। ਸ. ਬਾਦਲ ਨੇ ਇਸ ਪ੍ਰਸਤਾਵ ਵੱਖ-ਵੱਖ ਮਹਿਕਮਿਆਂ ਤੋਂ ਪਾਸ ਕਰਵਾਉਣ ਲਈ ਕੇਂਦਰੀ ਸਿਵਲ ਐਵੀਏਸ਼ਨ ਮੰਤਰਾਲੇ, ਰਖਿਆ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਲੁਧਿਆਣਾ ਸਾਂਸਦ ਰਵਨੀਤ ਬਿੱਟੂ ਸਮੇਤ ਬਹੁਤ ਸਾਰੇ ਕਾਂਗਰਸੀ ਆਗੂ ਸਾਹਨੇਵਾਲ ਤੋਂ ਦਿੱਲੀ ਉਡਾਣ ਨੂੰ ਦੁਬਾਰਾ ਸ਼ੁਰੂ ਕਰਵਾਉਣ ਦਾ ਸਿਹਰਾ ਲੈਣ ਲਈ ਵੱਡੇ ਵੱਡੇ ਹੋਰਡਿੰਗਜ਼ ਲਗਾ ਕੇ ਅਪਣੀ ਛਾਤੀ ਕੁਟ ਰਹੇ ਹਨ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2017 ਦੌਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੂੰ ਉਨ੍ਹਾਂ ਦਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਸੀ ਜਿਸ ਪਾਰਟੀ ਜਾਂ ਆਗੂਆਂ ਦਾ ਅਪਣਾ ਰਿਪੋਰਟ ਕਾਰਡ ਜ਼ੀਰੋ ਹੋਵੇ, ਉਹ ਭਲਾ ਲੋਕਾਂ ਵਲੋਂ ਜਿਤਾਏ ਹੋਏ ਨੇਤਾਵਾਂ ਨੂੰ ਕਿਵੇਂ ਰਿਪੋਰਟ ਕਾਰਡ ਦੇਖਣ ਬਾਰੇ ਨਸੀਹਤ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨੇਤਾਵਾਂ ਦੇ ਰਿਪੋਰਟ ਕਾਰਡ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਕਰ ਕੇ ਹੀ ਇਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਤੀਜੇ ਦਰਜੇ ਦੀ ਪਾਰਟੀ ਬਣਾ ਦਿਤਾ ਜਦਕਿ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਕੇ ਪੰਜਾਬ ਵਿਚ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਉਡਾਣਾਂ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਣੀਆਂ ਸਨ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਸਬੰਧੀ ਲੋੜੀਂਦਾ ਐਗਰੀਮੈਂਟ ਸਾਈਨ ਕਰਨ ਵਿਚ ਹੀ ਉਤਸ਼ਾਹ ਨਹੀਂ ਦਿਖਾਇਆ, ਜਿਸ ਐਗਰੀਮੈਂਟ ਤਹਿਤ ਘਾਟੇ ਵਾਲੀਆਂ ਉਡਾਣਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਚੁਕੀ ਜਾਣੀ ਸੀ।
ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ, ਜਿਸ ਨੇ ਸਾਹਨੇਵਾਲ ਹਵਾਈ ਅੱਡੇ ਦੀਆਂ ਉਡਾਣਾਂ ਬੰਦ ਕਰਵਾ ਕੇ ਬਠਿੰਡੇ ਤੋਂ ਉਡਾਣਾਂ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਆਉਣ 'ਤੇ ਸਾਹਨੇਵਾਲ ਦਾ ਹਵਾਈ ਅੱਡਾ ਮੁੜ ਚਾਲੂ ਕੀਤਾ ਗਿਆ ਹੈ ਜਿਸ ਲਈ ਅਕਾਲੀ ਦਲ ਨੂੰ ਸ਼ਰਮ ਕਰਨੀ ਚਾਹੀਦੀ ਹੈ। ਉਨ੍ਹਾਂ ਅਕਾਲੀ ਆਗੂਆਂ ਨੂੰ ਸਲਾਹ ਦਿਤੀ ਕਿ ਉਹ ਇਹ ਸਚਾਈ ਨੂੰ ਮੰਨ ਲੈਣ ਕਿ ਹੁਣ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿਤਾ ਹੈ ਅਤੇ ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਅਪਣਾ ਕੰਮ ਕਰਨ ਦੇਣਾ ਚਾਹੀਦਾ ਹੈ।