ਕੋਲਕਾਤਾ, 7 ਨਵੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਨੋਟਬੰਦੀ ਨੈਤਿਕ ਆਰਥਕ ਕਵਾਇਦ ਸੀ ਜਿਸ ਨੇ ਆਰਥਕ ਵਿਵਸਥਾ ਨੂੰ ਪਾਰਦਰਸ਼ੀ, ਨਿਰਪੱਖ ਅਤੇ ਈਮਾਨਦਾਰ ਬਣਾਇਆ ਜਦਕਿ 'ਲੁੱਟ' ਤਾਂ ਪਿਛਲੀ ਸਰਕਾਰ ਸਮੇਂ ਹੋਈ ਸੀ ਜਿਵੇਂ ਟੂਜੀ ਘੁਟਾਲਾ, ਰਾਸ਼ਟਰਮੰਡਲ ਖੇਡ, ਕੋਲਾ ਬਲਾਕ ਵੰਡ ਆਦਿ। ਜੇਤਲੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪਰਵਾਰ ਦੀ ਸੇਵਾ ਨੂੰ ਤਰਜੀਹ ਦਿਤੀ ਅਤੇ ਭਾਜਪਾ ਦੀ ਤਰਜੀਹ ਦੇਸ਼ ਦੀ ਸੇਵਾ ਹੈ। ਨੋਟਬੰਦੀ ਦੇ ਫ਼ੈਸਲੇ ਨਾਲ ਕਰ ਆਧਾਰ ਵਧਿਆ, ਅਰਥਵਿਵਸਥਾ ਸਾਫ਼-ਸੁਥਰੀ ਬਣੀ। ਉਨ੍ਹਾਂ ਕਿਹਾ, 'ਲੁੱਟ ਤਾਂ ਉਹ ਹੁੰਦੀ ਹੈ ਜਿਹੜੀ ਟੂ ਜੀ, ਰਾਸ਼ਟਰਮੰਡਲ ਖੇਡਾਂ, ਕੋਲਾ ਬਲਾਕ ਆਦਿ ਮਾਮਲਿਆਂ ਵਿਚ ਹੋਈ ਸੀ। ਨੋਟਬੰਦੀ ਨੂੰ ਭਾਰਤੀ ਅਰਥਵਿਵਸਥਾ ਦੇ ਇਤਿਹਾਸ ਦਾ ਅਹਿਮ ਪਲ ਦਸਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਨੋਟਬੰਦੀ ਨੇ ਦੇਸ਼ ਵਿਚ ਸਾਫ਼-ਸੁਥਰੀ, ਪਾਰਦਰਸ਼ੀ ਅਤੇ ਈਮਾਨਦਾਰ ਵਿੱਤੀ ਪ੍ਰਣਾਲੀ ਦਿਤੀ ਹੈ ਜਿਸ 'ਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨਗੀਆਂ। 'ਨੋਟਬੰਦੀ ਦਾ ਇਕ ਵਰ੍ਹਾ' ਸਿਰਲੇਖ ਵਾਲੇ ਲੇਖ ਵਿਚ ਜੇਤਲੀ ਨੇ ਕਿਹਾ ਕਿ ਅੱਠ ਨਵੰਬਰ ਨੂੰ ਭਾਰਤੀ
ਅਰਥਵਿਵਸਥਾ ਦੇ ਇਤਿਹਾਸ ਵਿਚ ਅਹਿਮ ਪਲਾਂ ਵਜੋਂ ਯਾਦ ਕੀਤਾ ਜਾਵੇਗਾ। ਇਹ ਦਿਵਸ ਦੇਸ਼ ਵਿਚੋਂ ਕਾਲੇ ਧਨ ਦੀ ਬੀਮਾਰੀ ਦੇ ਇਲਾਜ ਦੇ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ। ਸਾਨੂੰ ਭਾਰਤੀਆਂ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮਾਮਲੇ ਵਿਚ 'ਚਲਦਾ ਹੈ' ਦੀ ਭਾਵਨਾ ਨਾਲ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਇਸ ਵਿਹਾਰ ਦਾ ਅਸਰ ਮੱਧ ਵਰਗ ਤੇ ਸਮਾਜ ਦੇ ਹੇਠਲੇ ਤਬਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਸੀ।ਜੇਤਲੀ ਨੇ ਕਿਹਾ ਕਿ ਸਮਾਜ ਦੇ ਵੱਡੇ ਤਬਕੇ ਅੰਦਰ ਲੰਮੇ ਸਮੇਂ ਤੋਂ ਇਹ ਤੀਬਰ ਇੱਛਾ ਸੀ ਕਿ ਸਾਡੇ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਸਰਾਪ ਤੋਂ ਮੁਕਤ ਕੀਤਾ ਜਾਵੇ ਅਤੇ ਇਸੇ ਇੱਛਾ ਸਦਕਾ ਲੋਕਾਂ ਨੇ ਮਈ 2014 ਵਿਚ ਭਾਜਪਾ ਸਰਕਾਰ ਨੂੰ ਸੱਤਾ ਸੌਂਪੀ। ਜੇਤਲੀ ਨੇ ਲਿਖਿਆ ਹੈ ਕਿ ਸਰਕਾਰ ਨੇ ਕਾਲੇ ਧਨ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਲੋਕਾਂ ਦੀ ਇੱਛਾ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਅਤੇ ਕਾਲੇ ਧਨ ਦੇ ਮਾਮਲੇ 'ਤੇ ਐਸਆਈਟੀ ਦਾ ਗਠਨ ਕੀਤਾ। ਉਨ੍ਹਾਂ ਕਿਹਾ, 'ਸਾਡਾ ਦੇਸ਼ ਇਸ ਗੱਲ ਤੋਂ ਵਾਕਫ਼ ਹੈ ਕਿ ਕਿਸ ਤਰ੍ਹਾਂ ਪਿਛਲੀ ਸਰਕਾਰ ਨੇ ਵਰ੍ਹਿਆਂ ਤਕ ਸੁਪਰੀਮ ਕੋਰਟ ਦੇ ਹੁਕਮ ਨੂੰ ਅਣਡਿੱਠ ਕੀਤਾ ਸੀ।' (ਏਜੰਸੀ)