ਨਵੀਂ ਦਿੱਲੀ: ਅੱਜ ਮਨੁੱਖੀ ਅਣਗਹਿਲੀ ਕਾਰਨ ਵਾਪਰਨ ਵਾਲੇ ਹਾਦਸੇ ਨੂੰ ਤਕਨਾਲੋਜੀ ਨੇ ਰੋਕ ਲਿਆ ਤੇ ਸੈਂਕੜੇ ਮੁਸਾਫਰਾਂ ਦੀ ਜਾਨ ਵੀ ਬਚਾਅ ਲਈ। ਸਾਹਮਣੇ ਤੋਂ ਉੱਡੇ ਆ ਰਹੇ ਦੋਵਾਂ ਜਹਾਜ਼ਾਂ ਵਿੱਚ ਸਿਰਫ 100 ਫੁੱਟ ਦਾ ਫਾਸਲਾ ਰਹਿ ਗਿਆ ਸੀ। ਹਵਾਈ ਜਹਾਜ਼ਾਂ ਵਿੱਚ ਲੱਗੇ ਟੱਕਰ ਰੋਕੂ ਯੰਤਰ ਟ੍ਰੈਫਿਕ ਕੋਲਿਜ਼ਨ ਅਵੌਆਇਡੈਂਸ ਸਿਸਟਮ, (TCAS) ਨੇ 122 ਸੀਟਾਂ ਵਾਲੇ ਏਅਰ ਇੰਡੀਆ ਦੇ ਏਅਰਬੱਸ ਏ-319 ਤੇ 152 ਮੁਸਾਫਰ ਲੈ ਕੇ ਜਾ ਰਹੇ ਵਿਸਤਾਰਾ ਏਅਰਲਾਈਨਜ਼ ਦੇ ਜਹਾਜ਼ ਦੀ ਹਵਾ ਵਿੱਚ ਟੱਕਰ ਹੋਣ ਤੋਂ ਬਚਾਅ ਲਿਆ।
ਏਅਰ ਇੰਡੀਆ (ਉਡਾਣ AI 631) ਦਾ ਜਹਾਜ਼ ਮੁੰਬਈ ਤੋਂ ਭੋਪਾਲ ਜਾ ਰਿਹਾ ਸੀ ਤੇ ਵਿਸਤਾਰਾ ਏਅਰਲਾਈਨਜ਼ (ਉਡਾਣ UK 997) ਦਾ ਜਹਾਜ਼ ਦਿੱਲੀ ਤੋਂ ਪੁਣੇ ਜਾ ਰਿਹਾ ਸੀ। ਹਵਾਈ ਆਵਾਜਾਈ ਕੰਟਰੋਲ (ATC) ਨੇ ਵਿਸਤਾਰਾ ਏਅਰਲਾਈਨਜ਼ ਨੂੰ ਆਪਣੀ ਉਚਾਈ 27,000 ਫੁੱਟ ਬਣਾਈ ਰੱਖਣ ਨੂੰ ਕਿਹਾ। ਉਨ੍ਹਾਂ ਇਸ ਨੂੰ ਤਰੁੰਤ ਲਾਗੂ ਨਹੀਂ ਕੀਤਾ ਤੇ ਹੌਲੀ-ਹੌਲੀ ਆਪਣੀ ਉਚਾਈ ਵਧਾਉਣ ਲੱਗੇ। ਹਾਲੇ ਵਿਸਤਾਰਾ ਦਾ ਜਹਾਜ਼ ਉਚਾਈ ਹਾਸਲ ਕਰ ਰਿਹਾ ਸੀ ਕਿ ਉਸ ਦੇ ਉੱਪਰ ਤਕਰੀਬਨ 100 ਫੁੱਟ ਦੇ ਫਾਸਲੇ ‘ਤੇ ਏਅਰ ਇੰਡੀਆ ਦੀ ਭੋਪਾਲ ਜਹਾਜ਼ ਵਾਲੀ ਉਡਾਣ ਸਾਹਮਣੀ ਦਿਸ਼ਾ ਤੋਂ ਆ ਰਹੀ ਸੀ।
ਦੋਵਾਂ ਜਹਾਜ਼ਾਂ ਵਿੱਚ ਅਚਾਨਕ ਟਕੈਸ ਸਿਸਟਮ ਚਾਲੂ ਹੋ ਗਏ ਤੇ ਦੋਵਾਂ ਜਹਾਜ਼ਾਂ ਦੇ ਪਾਇਲਟਾਂ ਨੂੰ ਚੌਕਸ ਹੋਣ ਲਈ ਹੰਗਾਮੀ ਸੰਦੇਸ਼ ਦੇ ਦਿੱਤੇ। ਪਾਇਲਟਾਂ ਨੇ ਮੁਸਤੈਦੀ ਨਾਲ ਕੰਮ ਕੀਤਾ ਤੇ ਜਹਾਜ਼ਾਂ ਦੀ ਟੱਕਰ ਹੋਣੋਂ ਬਚ ਗਈ। ਇਸ ਘਟਨਾ ਦੀ ਦੀ ਜਾਂਚ ਹਵਾਈ ਜਹਾਜ਼ ਹਾਦਸਾ ਜਾਂਚ ਬਿਊਰੋ (ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ-AAIB) ਕਰ ਰਿਹਾ ਹੈ।