ਮਹੀਨੇ 'ਚ ਸਵਾ ਕਰੋੜ ਦੀਆਂ ਖੁੰਬਾਂ ਛਕ ਜਾਂਦੇ ਹਨ ਮੋਦੀ : ਅਲਪੇਸ਼

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ, 12 ਦਸੰਬਰ : ਗੁਜਰਾਤ ਵਿਚ ਭਾਜਪਾ ਦੇ ਵਿਰੋਧੀ ਤਿੰਨ ਚਿਹਰਿਆਂ ਵਿਚੋਂ ਦੋ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ਨੇ ਅੱਜ ਬੜਗਾਮ ਵਿਚ ਸਾਂਝੀ ਰੈਲੀ ਕੀਤੀ। ਰੈਲੀ ਵਿਚ ਅਲਪੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ। ਉਸ ਨੇ ਕਿਹਾ ਕਿ ਮੋਦੀ ਦੀ ਤਾਕਤ ਮਸ਼ਰੂਮ (ਖੁੰਬਾਂ) ਖਾਣ ਕਰ ਕੇ ਹੈ। ਅਲਪੇਸ਼ ਨੇ ਦਾਅਵਾ ਕੀਤਾ ਕਿ ਮੋਦੀ ਇਕ ਮਹੀਨੇ ਵਿਚ ਕਰੋੜ ਰੁਪਏ ਦੀ ਮਸ਼ਰੂਮ ਖਾ ਜਾਂਦੇ ਹਨ। ਅਲਪੇਸ਼ ਨੇ ਕਿਹਾ, 'ਮੋਦੀ ਕਹਿੰਦੇ ਹਨ ਕਿ ਉਹ ਨਾ ਖਾਂਦੇ ਹਨ ਤੇ ਖਾਣ ਦਿੰਦੇ ਹਨ ਪਰ ਮੈਂ ਦਸਣਾ ਚਾਹਾਂਗਾ ਕਿ ਮੋਦੀ ਜੀ ਜੋ ਖਾਂਦੇ ਹਨ, ਉਹ ਤੁਸੀਂ ਵੀ ਨਹੀਂ ਖਾ ਸਕਦੇ।' ਅਲਪੇਸ਼ ਨੇ ਕਿਹਾ ਕਿ ਮੋਦੀ ਦੀ ਮਜ਼ਬੂਤੀ ਦਾ ਰਾਜ਼ ਕੀਮਤੀ ਮਸ਼ਰੂਮ ਵਿਚ ਲੁਕਿਆ 

ਹੋਇਆ ਹੈ। ਉਹ ਹਰ ਰੋਜ਼ ਪੰਜ ਮਸ਼ਰੂਮ ਖਾਂਦੇ ਹਨ ਜਿਹੜੇ ਤਾਈਵਾਨ ਤੋਂ ਮੰਗਾਏ ਜਾਂਦੇ ਹਨ। ਇਕ ਮਸ਼ਰੂਮ ਦੀ ਕੀਮਤ ਕਰੀਬ 80 ਹਜ਼ਾਰ ਰੁਪਏ ਹੈ। ਅਲਪੇਸ਼ ਨੇ ਕਿਹਾ ਕਿ ਮੋਦੀ ਮਹੀਨੇ ਵਿਚ 1 ਕਰੋੜ 20 ਲੱਖ ਰੁਪਏ ਦੀ ਮਸ਼ਰੂਮ ਖਾ ਜਾਂਦੇ ਹਨ। ਜੇ ਮੋਦੀ ਕਰੋੜਾਂ ਦੀ ਮਸ਼ਰੂਮ ਖਾ ਜਾਂਦੇ ਹਨ ਤਾਂ ਭਾਜਪਾ ਲੀਡਰ ਕਿੰਨਾ ਖਾ ਜਾਂਦੇ ਹੋਣਗੇ? ਅਲਪੇਸ਼ ਨੇ ਕਿਹਾ, 'ਜਦ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਦ ਵੀ ਉਹ ਮਸ਼ਰੂਮ ਖਾਂਦੇ ਸਨ। ਪਹਿਲਾਂ ਮੋਦੀ ਦਾ ਰੰਗ ਮੇਰੇ ਵਰਗਾ ਕਾਲਾ ਸੀ ਪਰ ਕੀਮਤੀ ਮਸ਼ਰੂਮ ਖਾਣ ਨਾਲ ਮੋਦੀ ਗੋਰੇ ਹੋ ਗਏ।'