ਮੈਡਲ ਜੇਤੂ ਖਿਡਾਰੀਆਂ ਨੂੰ ਇਨਾਮ ਵਿੱਚ 'ਗਊਆਂ', ਹਰਿਆਣਾ ਤੋਂ ਦਿਲਚਸਪ ਖ਼ਬਰ

ਖ਼ਬਰਾਂ, ਰਾਸ਼ਟਰੀ

ਖਿਡਾਰੀਆਂ ਨੂੰ ਇਨਾਮ ਵਿੱਚ ਨਕਦੀ, ਸਰਕਾਰੀ ਨੌਕਰੀਆਂ ਜਾਂ ਮਹਿੰਗੀਆਂ ਕਾਰਾਂ ਮਿਲਦੀਆਂ ਤਾਂ ਆਮ ਸੁਣੀਆਂ ਹਨ ਪਰ ਹਰਿਆਣਾ ਦੇ ਇੱਕ ਮੰਤਰੀ ਜੀ ਨੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਬਦਲੇ ਗਊਆਂ ਦੇਣ ਦਾ ਐਲਾਨ ਕਰ ਦਿੱਤਾ। ਮੰਤਰੀ ਜੀ ਨੇ ਆਪਣੇ ਫੈਸਲੇ ਦੀ ਪ੍ਰੋੜ੍ਹਤਾ ਲਈ ਭਾਸ਼ਣ ਵਿੱਚ ਗਊ ਦੁੱਧ ਦੇ ਫਾਇਦਿਆਂ 'ਤੇ ਵੀ ਭਰਪੂਰ ਚਾਨਣਾ ਪਾਇਆ। ਇਹ ਮੰਤਰੀ ਹਨ ਹਰਿਆਣਾ ਦੇ ਪਸ਼ੂ ਪਾਲਣ ਮੰਤਰੀ ਓਮ ਪ੍ਰਕਾਸ਼ ਧਨਕਰ ਜਿਹਨਾਂ ਨੇ ਰੋਹਤਕ ਦੇ ਇੱਕ ਸਮਾਗਮ ਵਿੱਚ ਇਹ ਐਲਾਨ ਕੀਤਾ। ਉਹ ਇੱਥੇ ਪਿਛਲੇ ਹਫਤੇ ਗੁਵਾਹਾਟੀ ਵਿਖੇ ਹੋਈ ਔਰਤਾਂ ਦੇ ਵਿਸ਼ਵ ਯੂਥ ਬਾਕਸਿੰਗ ਚੈਂਪੀਅਨਸ਼ਿਪ ਦੇ 6 ਮੈਡਲ ਜੇਤੂਆਂ ਦੇ ਸਨਮਾਨ ਲਈ ਆਏ ਸਨ। ਸਾਰੀਆਂ ਜੇਤੂ ਲੜਕੀਆਂ ਦੇ ਪਤੇ ਨੋਟ ਕਰ ਲਏ ਗਏ ਹਨ ਜਿਹਨਾਂ ਨੂੰ 4 ਪੈਰਾਂ ਵਾਲੇ ਇਹ 'ਤੋਹਫੇ' ਜਲਦ ਹੀ ਘਰ ਪਹੁੰਚਦੇ ਕਰ ਦਿਤੇ ਜਾਣਗੇ।  


ਪਰ ਇਹ ਸਰਕਾਰੀ ਤੋਹਫੇ ਇਹਨਾਂ ਨੂੰ ਪ੍ਰਾਪਤ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਕਾਰਨ ਹੈ ਗਊ ਲਈ ਥਾਂ ਦੀ ਕਮੀ ਅਤੇ ਗਊ ਦੀ ਦੇਖਭਾਲ।


ਉੱਧਰ ਮੰਤਰੀ ਜੀ ਨੇ ਜਵਾਬ ਦਿੱਤਾ ਕਿ ਮੈਂ ਉਹੀ ਦੇ ਸਕਦਾ ਹਾਂ ਜੋ ਮੇਰੇ ਕੋਲ ਹੈ। ਜਿਸ ਕੋਲ ਸ਼ਹਿਦ ਹੈ ਉਹ ਸ਼ਹਿਦ ਦੇ ਸਕਦਾ ਹੈ ਜਿਸ ਕੋਲ ਘਿਉ ਹੈ ਉਹ ਘਿਉ ਦੇ ਸਕਦਾ ਹੈ। ਮੈਂ ਖੇਤੀਬਾੜੀ ਨਾਲ ਜੁੜਿਆ ਮੰਤਰੀ ਹਾਂ ਤਾਂ ਮੈਂ ਗਊਆਂ ਦੇ ਸਕਦਾ ਹਾਂ। ਗਊ ਦੇ ਦੁੱਧ ਦਾ ਸਿੱਧਾ ਮਕਸਦ ਮੰਤਰੀ ਜੀ ਨੇ ਖਿਡਾਰੀਆਂ ਦੀ ਬੇਹਤਰ ਕਾਰਗੁਜ਼ਾਰੀ ਦੱਸਿਆ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਖਿਡਾਰੀ ਅੱਗੇ ਤੋਂ ਹੋਰ ਮੈਡਲ ਜਿੱਤਣ।  


ਮੰਤਰੀ ਦੇ ਇਸ ਫੈਸਲੇ ਬਾਰੇ ਵੱਖੋ-ਵੱਖ ਕਿਸਮ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁਝ ਲੋਕੀ ਇਸਨੂੰ ਮਜ਼ਾਕੀਆ ਲਹਿਜ਼ੇ ਵਿੱਚ ਲੈ ਕੇ ਮੰਤਰੀ ਦੀ ਆਲੋਚਨਾ ਕਰ ਰਹੇ ਹਨ ਅਤੇ ਕੁਝ ਇਸਨੂੰ ਆਰ.ਐਸ.ਐਸ. ਅਤੇ ਭਾਜਪਾ ਦੇ ਹਿੰਦੂਵਾਦ ਨਾਲ ਜੋੜ ਰਹੇ ਹਨ। ਕੁੱਲ ਮਿਲਾ ਕੇ ਮਾਮਲਾ ਚਰਚਾ ਵਿੱਚ ਹੈ ਅਤੇ ਹੋ ਸਕਦਾ ਹੈ ਇਸ ਬਾਰੇ ਕੁਝ ਹੋਰ ਦਿਲਚਸਪ ਪੱਖ ਦੇਖਣ ਨੂੰ ਮਿਲਣ।