ਨਵੀਂ ਦਿੱਲੀ, 4 ਅਕਤੂਬਰ (ਅਮਨਦੀਪ ਸਿੰਘ): ਦਿੱਲੀ ਵਿਧਾਨ ਸਭਾ ਵਿਚ ਅੱਜ 15 ਹਜ਼ਾਰ ਆਰਜ਼ੀ ਅਧਿਆਪਕਾਂ ਨੂੰ ਪੱਕਾ ਕਰਨ ਦਾ ਬਿੱਲ ਪੇਸ਼ ਹੋਣ ਮੌਕੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਉਪ ਰਾਜਪਾਲ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ, “ਮੈਂ ਕੋਈ ਅਤਿਵਾਦੀ ਨਹੀਂ, ਇਕ ਚੁਣਿਆ ਹੋਇਆ ਮੁਖ ਮੰਤਰੀ ਹਾਂ, ਪਰ ਤੁਸੀਂ ਸਿਖਿਆ ਨਾਲ ਜੁੜੀ ਫ਼ਾਈਲਾਂ ਮੈਨੂੰ ਹੀ ਨਹੀਂ ਵਿਖਾਉਂਦੇ।ਆਖਰ ਕਿਉਂ?” ਉਪ ਰਾਜਪਾਲ ਤੇ ਭਾਜਪਾ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕੇਜਰੀਵਾਲ ਨੇ ਕਿਹਾ, “ਕੀ ਐਲ ਜੀ ਸਾਹਬ ਨੂੰ ਲੱਗਦੈ ਕਿ ਇਨ੍ਹਾਂ ਫ਼ਾਈਲਾਂ ਵਿਚ ਕੋਈ 'ਸਟੇਟ ਸੀਕਰੇਟ' ਹੈ ਤੇ ਅਸੀਂ ਅਤਿਵਾਦੀ ਲੱਗਦੇ ਹਾਂ। ਜੋ ਸਾਡੇ ਹੱਥ ਆ ਗਏ ਤਾਂ ਸੂਬੇ ਲਈ ਖਤਰਾ ਖੜਾ ਹੋ ਜਾਏਗਾ।''
ਅੱਜ ਵਿਧਾਨ ਸਭਾ ਵਿਚ 15 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰਨ ਦਾ ਬਿੱਲ ਪਾਸ ਤਾਂ ਕਰ ਦਿਤਾ ਗਿਆ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਉਪ ਰਾਜਪਾਲ ਜੋ ਪਹਿਲਾਂ ਹੀ ਇਸ ਬਿੱਲ ਨੂੰ ਨਿਯਮਾਂ ਵਿਰੁਧ ਆਖ ਚੁਕੇ ਹਨ, ਉਹ ਕੀ ਰਵਈਆ ਅਖਤਿਆਰ ਕਰਦੇ ਹਨ, ਜਾਂ ਫਿਰ ਇਸ ਬਿੱਲ ਦੇ ਸਹਾਰੇ ਕੇਜਰੀਵਾਲ ਸਰਕਾਰ ਆਉਣ ਵਾਲੇ ਸਮੇਂ 'ਚ ਭਾਜਪਾ 'ਤੇ ਹਮਲੇ ਜਾਰੀ ਰੱਖਦੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਆਰਜ਼ੀ ਅਧਿਆਪਕਾਂ ਨੂੰ ਵਾਇਦਾ ਕੀਤਾ ਸੀ ਕਿ ਸੱਤਾ ਸੰਭਾਲਣ ਪਿਛੋਂ ਉਨ੍ਹਾਂ ਨੂੰ ਪੱਕਾ ਕਰ ਦਿਤਾ ਜਾਵੇਗਾ, ਪਰ ਐਲ ਜੀ ਨੂੰ ਚਿੱਠੀਆਂ ਲਿੱਖਣ ਦੇ ਬਾਵਜੂਦ ਸਹਿਯੋਗ ਨਾਲ ਮਿਲਣ ਦਾ ਹਵਾਲਾ ਦੇ ਕੇ ਕੇਜਰੀਵਾਲ ਸਰਕਾਰ ਨੇ ਅੱਜ ਵਿਧਾਨ ਸਭਾ ਵਿਚ ਬਿੱਲ ਲਿਆ ਕੇ ਆਰਜ਼ੀ ਅਧਿਆਪਕਾਂ ਨੂੰ ਪੱਕਾ ਕਰਨ ਦੀ ਤਿਆਰੀ ਕਰ ਲਈ। ਵਿਰੋਧੀ ਧਿਰ ਭਾਜਪਾ ਦੇ ਆਗੂ ਵਜਿੰਦਰ ਗੁਪਤਾ ਨੇ ਬਿੱਲ ਨੂੰ ਸਿਆਸਤ ਤੋਂ ਪ੍ਰੇਰਤ ਤੇ ਖ਼ਾਮੀਆਂ ਭਰਪੂਰ ਦਸਿਆ ਤੇ ਕਿਹਾ ਕਿ ਇਕ ਹਫਤੇ ਬਾਅਦ ਇਜਲਾਸ ਸੱਦੋ, ਤੇ ਨਵੇਂ ਸਿਰੇ ਤੋਂ ਬਿੱਲ ਤਿਆਰ ਕਰ ਕੇ, ਇਜਲਾਸ ਸੱਦੋ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਬਿੱਲ ਟਿਕੇ ਗਾ ਹੀ ਨਹੀਂ। ਕੇਜਰੀਵਾਲ ਨੇ ਵਿਧਾਨ ਸਭਾ ਵਿਚ ਕਿਹਾ, “ਅੱਜ ਤਾਂ ਆਰ ਟੀ ਆਈ ਅਧੀਨ ਫਾਈਲ ਮਿਲ ਜਾਂਦੀ ਹੈ, ਪਰ ਤੁਸੀਂ ਮੈਨੂੰ ਤੇ ਮਨੀਸ਼ ਸਿਸੋਦੀਆ ਨੂੰ ਹੀ ਫਾਈਲਾਂ ਨਹੀਂ ਵਿਖਾਂਦੇ। ਇਕ ਫਿਲਮ ਆਈ ਸੀ, 'ਮਾਈ ਨੇਮ ਇਜ਼ ਖ਼ਾਨ', ਉਸ ਵਿਚ ਡਾਇਲਾਗ ਸੀ, ਕਿ, 'ਮਾਏ ਨੇਮ ਇਜ਼ ਖਾਨ ਐਂਡ ਆਈ ਐਮ ਨੋਟ ਏ ਟੈਰੋਰਿਸਟ।' ਮੈਂ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਕ ਚੁਣਿਆ ਹੋਇਆ ਮੁਖ ਮੰਤਰੀ ਹਾਂ ਤੇ ਮੈਂ ਕੋਈ ਅਤਿਵਾਦੀ ਨਹੀਂ। ਐਨਾ ਘਬਰਾਉਣ ਦੀ ਲੋੜ ਨਹੀਂ, ਅਸੀਂ 21 ਵੀਂ ਸੱਦੀ ਵਿਚ ਰਹਿ ਰਹੇ ਹਾਂ, ਜਦ ਪੂਰੀ ਦੁਨੀਆ ਵਿਚ ਪਾਰਦਰਸ਼ਤਾ ਦੀਆਂ ਗੱਲਾਂ ਹੁੰਦੀਆਂ ਹਨ, ਤੇ ਬੜਾ ਰੌਲਾ ਪਾਇਆ ਜਾਂਦਾ ਹੈ। ਪਰ ਮੁਖ ਮੰਤਰੀ ਨੂੰ ਫ਼ਾਈਲ ਨਹੀਂ ਵਿਖਾ ਸਕਦੇ? ਤੁਸੀਂ (ਭਾਜਪਾ) ਫੇਲ੍ਹ ਹੋ ਗਏ ਸੀ, ਤਦੇ ਸਾਨੂੰ ਰਾਜਨੀਤੀ 'ਚ ਆਉਣਾ ਪਿਆ।“ ਉਨ੍ਹਾਂ ਭਾਜਪਾ ਨੂੰ ਵੰਗਾਰਦੇ ਹੋਏ ਕਿਹਾ, “ਜੇ ਮਰਦ ਦੇ ਬੱਚੇ ਹੋ ਤਾਂ ਸਾਹਮਣੇ ਆ ਕੇ ਰਾਜਨੀਤੀ ਕਰੋ। ਅਫ਼ਸਰਾਂ ਨੂੰ ਵਰਤ ਕੇ, ਕੰਮ ਨਾ ਕਰੋ।“
ਤੁਸੀਂ ਅਫਸਰਾਂ ਦੇ ਪਿਛੇ ਛੁੱਪ ਕੇ ਰਾਜਨੀਤੀ ਕਰਦੇ ਹੋ, ਜੇ ਮਰਦ ਦੇ ਬੱਚੇ ਹੋ ਤਾਂ ਸਾਹਮਣੇ ਆ ਕੇ ਰਾਜਨੀਤੀ ਕਰੋ। ਅਫਸਰ ਸਾਡੇ ਮੁਤਾਬਕ ਕੰਮ ਨਹੀਂ ਕਰਦੇ, ਬਲਕਿ ਐਲ ਜੀ ਤੋਂ ਫੋਨ ਆਉਂਦਾ ਹੈ, ਉਸ ਹਿਸਾਬ ਨਾਲ ਲਿਖਦੇ ਹਨ। ਇਨ੍ਹਾਂ ਅਫ਼ਸਰਾਂ ਨੂੰ ਡਰਾ ਕੇ ਰੱਖਿਆ ਹੈ। ਇਹ ਅਫ਼ਸਰਾਂ ਤੋਂ ਲਿਖਵਾਉਣਾ ਚਾਹੁੰਦੇ ਹਨ ਕਿ ਇਹ (ਅਧਿਆਪਕਾਂ ਨੂੰ ਪੱਕਾ ਕਰਨ ਦਾ) ਦਿੱਲੀ ਸਰਕਾਰ ਦਾ ਮਸਲਾ ਨਹੀਂ ਹੈ, ਇਹ ਐਲ ਜੀ ਦੇ ਹੱਕਾਂ ਦਾ ਮਾਮਲਾ ਹੈ। ਅਸੀ ਅਫ਼ਸਰਾਂ ਦੇ ਕੈਦੀ ਨਹੀਂ ਹਾਂ, ਤੁਸੀ ਅਫ਼ਸਰਾਂ ਦੇ ਪਿਛੇ ਛੁੱਪ ਕੇ ਰਾਜਨੀਤੀ ਕਰਦੇ ਹੋ। ਮਰਦ ਦੇ ਬੱਚੇ ਹੋ ਤਾਂ ਸਾਹਮਣੇ ਆ ਕੇ ਰਾਜਨੀਤੀ ਕਰੋ।“ਉਨ੍ਹਾਂ ਕਿਹਾ, “ ਇਹ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ। ਭਾਜਪਾ ਦੀ ਨੀਅਤ ਹੀ ਨਹੀਂ ਕਿ ਅਧਿਆਪਕ ਪੱਕੇ ਹੋਣ। ਉਨ੍ਹਾਂ ਦੀ ਨੀਅਤ ਹੀ ਨਹੀਂ ਬਿੱਲ ਨੂੰ ਪਾਸ ਕਰਵਾਉਣ ਦੀ। ਇਹ ਸਿਖਿਆ ਦਾ ਮਾਮਲਾ ਹੈ, ਐਲ ਜੀ ਨੂੰ ਮੰਨਣਾ ਚਾਹੀਦਾ ਹੈ। ਪਰ ਐਲ ਜੀ ਆਖਦੇ ਹਨ ਕਿ ਇਹ ਸੇਵਾਵਾਂ ਦਾ ਮਾਮਲਾ ਹੈ, ਉਨ੍ਹਾਂ ਦੇ ਹੱਕ ਵਿਚ ਹੈ, ਪਰ ਇਸਨੂੰ ਪਾਸ ਕਿਉਂ ਨਹੀਂ ਕਰਨਾ ਚਾਹੁੰਦੇ?''
ਜੇ ਅੱਜ ਐਲ ਜੀ ਬਿੱਲ ਨੂੰ ਪਾਸ ਕਰ ਦਿੰਦੇ ਹਨ ਤਾਂ ਸਾਰੇ ਅਧਿਆਪਕ ਭਾਜਪਾ ਨੂੰ ਵੋਟ ਦੇ ਦੇਣਾ, ਸਾਨੂੰ ਵੋਟ ਨਾ ਦੇਣਾ। ਅਸੀਂ ਵੋਟ ਰਾਜਨੀਤੀ ਨਹੀਂ ਕਰਨ ਆਏ। ਜੇ ਇਹ ਬਿੱਲ ਪਾਸ ਨਹੀਂ ਹੁੰਦਾ, ਤਾਂ ਭਾਜਪਾ ਨੂੰ ਹਰਾਉਣ ਵਿਚ ਕੋਈ ਕਸਰ ਨਾ ਛੱਡਣਾ। ਆਰਜ਼ੀ ਅਧਿਆਪਕਾਂ ਦੀ ਜਿੰਨੀ ਵਾਰ ਵੀ ਏਧਰੋਂ ਓਧਰ ਗਈ, ਇਕ ਵਾਰ ਵੀ ਮਨੀਸ਼ ਸਿਸੋਦੀਆ ਨੂੰ ਨਹੀਂ ਵਿਖਾਈ ਗਈ। ਸ਼ੱਕ ਹੁੰਦਾ ਹੈ ਕਿ ਫ਼ਾਈਲਾਂ ਵਿਚ ਗੜਬੜ ਕਰ ਕੇ ਰੱਖੀ ਹੋਈ ਹੈ। ਕਿਉਂ ਛੁਪਾ ਰਹੇ ਹਨ, ਐਲ ਜੀ , ਫਾਈਲਾਂ ਨੂੰ? ਕੀ ਉਨ੍ਹਾਂ ਦੀ ਪੋਲ ਖੁਲ੍ਹ ਜਾਏਗੀ?”