ਮੈਂ ਸੌਦਾ ਸਾਧ ਨੂੰ ਦੋਸ਼ੀ ਨਹੀਂ ਮੰਨਦਾ ਤੇ ਨਾ ਸਜ਼ਾ ਨਾਲ ਸਹਿਮਤ ਹਾਂ : ਭਾਜਪਾ ਸੰਸਦ ਮੈਂਬਰ

ਖ਼ਬਰਾਂ, ਰਾਸ਼ਟਰੀ

ਹਮੀਰਪੁਰ, 30 ਅਗੱਸਤ : ਸੰਸਦ ਮੈਂਬਰ ਸਾਕਸ਼ੀ ਮਹਾਰਾਜ ਤੋਂ ਬਾਅਦ ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨੇ ਸੌਦਾ ਸਾਧ ਦਾ ਸਮਰਥਨ ਕੀਤਾ ਹੈ।
ਇਥੇ ਕਿਸੇ ਸਮਾਗਮ ਵਿਚ ਸੰਸਦ ਮੈਂਬਰ ਪੁਸ਼ਪੇਂਦਰ ਸਿੰਘ ਚੰਦੇਲ ਨੇ ਕਿਹਾ ਕਿ ਸੌਦਾ ਸਾਧ 'ਤੇ ਲੱਗੇ ਦੋਸ਼ਾਂ ਅਤੇ ਸਜ਼ਾ ਦਿਤੇ ਜਾਣ ਨਾਲ ਉਹ ਸਹਿਮਤ ਨਹੀਂ ਹਨ। ਉਸ ਨੇ ਕਿਹਾ ਕਿ ਸ਼ਰਧਾਲੂਆਂ ਦੀ ਸ਼ਰਧਾ ਨੂੰ ਸੱਟ ਨਾ ਵੱਜੇ, ਇਸ ਵਲ ਧਿਆਨ ਦੇਣਾ ਜ਼ਰੂਰੀ ਹੈ। ਉਸ ਨੇ ਆਸਾਰਾਮ ਦਾ ਵੀ ਬਚਾਅ ਕੀਤਾ ਅਤੇ ਕਿਹਾ ਕਿ ਆਸਾਰਾਮ ਵਿਰੁਧ ਹਾਲੇ ਵੀ ਦੋਸ਼ ਸਿੱਧ ਨਹੀਂ ਹੋਇਆ ਅਤੇ ਉਸ ਨੂੰ ਲੋਕ ਦੋਸ਼ੀ ਮੰਨ ਰਹੇ ਹਨ।
ਉਂਜ ਬਾਅਦ ਵਿਚ ਉਸ ਨੇ ਕਿਹਾ ਕਿ ਇਹ ਉਸ ਦਾ ਨਿਜੀ ਵਿਚਾਰ ਹੈ, ਪਾਰਟੀ ਦਾ ਇਸ ਨਾਲ ਲੈਣਾ-ਦੇਣਾ ਨਹੀਂ। ਚੰਦੇਲ ਨੇ ਕਿਹਾ ਕਿ ਉਹ ਆਸਾਰਾਮ ਅਤੇ ਸੌਦਾ ਸਾਧ ਨੂੰ ਦੋਸ਼ੀ ਨਹੀਂ ਮੰਨਦਾ।
ਸੰਸਦ ਮੈਂਬਰ ਦੇ ਬਿਆਨ ਸਬੰਧੀ ਪਾਰਟੀ ਵੀ ਉਸ ਦਾ ਬਚਾਅ ਕਰਦੀ ਨਜ਼ਰ ਆਈ। ਜ਼ਿਲ੍ਹਾ ਪ੍ਰਧਾਨ ਸੰਤਵਿਲਾਸ ਸ਼ਿਵਹਰੇ ਨੇ ਕਿਹਾ ਕਿ ਉਹ ਉਸੇ ਸਮਾਗਮ ਵਿਚ ਸੀ ਤੇ ਉਸ ਨੇ ਅਜਿਹਾ ਕੁੱਝ ਨਹੀਂ ਕਿਹਾ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੇ। (ਏਜੰਸੀ)