ਨਵੀਂ
ਦਿੱਲੀ, 24 ਸਤੰਬਰ : 'ਮਨ ਕੀ ਬਾਤ' ਦੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਉਨ੍ਹਾਂ ਦੇ ਮਨ ਦੀ ਗੱਲ ਨਹੀਂ ਸਗੋਂ ਭਾਰਤ ਦੀ
ਹਾਂਪੱਖੀ ਸ਼ਕਤੀ, ਦੇਸ਼ ਦੇ ਕੋਨੇ ਕੋਨੇ ਦੇ ਲੋਕਾਂ ਦੀਆਂ ਭਾਵਨਾਵਾਂ, ਇੱਛਾਵਾਂ, ਸ਼ਿਕਾਇਤਾਂ
ਨੂੰ ਸਾਹਮਣੇ ਰੱਖਣ ਦਾ ਇਕ ਮੰਚ ਹੈ ਜੋ ਪ੍ਰੇਰਣਾ ਦੇਣ ਦੇ ਨਾਲ ਹੀ ਸਰਕਾਰ ਵਿਚ ਸੁਧਾਰ
ਦਾ ਵਾਹਕ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, 'ਮਨ ਕੀ ਬਾਤ' ਨੇ ਇਕ ਤਰ੍ਹਾਂ
ਨਾਲ ਭਾਰਤ ਦੀ ਜੋ ਹਾਂਪੱਖੀ ਤਾਕਤ ਹੈ, ਦੇਸ਼ ਦੇ ਕੋਨੇ ਕੋਨੇ ਵਿਚ ਜਿਹੜੀਆਂ ਭਾਵਨਾਵਾਂ
ਭਰੀਆਂ ਪਈਆਂ ਹਨ, ਖ਼ਾਹਿਸ਼ਾਂ ਹਨ, ਕਿਤੇ ਕਿਤੇ ਸ਼ਿਕਾਇਤ ਵੀ ਹੈ.. ਇਨ੍ਹਾਂ ਸਾਰੀਆਂ
ਭਾਵਨਾਵਾਂ ਨਾਲ ਜੁੜਨ ਦਾ ਮੈਨੂੰ ਬਹੁਤ ਵਧੀਆ ਮੌਕਾ ਦਿਤਾ। ਆਕਾਸ਼ਵਾਣੀ 'ਤੇ ਪ੍ਰਸਾਰਤ 'ਮਨ
ਕੀ ਬਾਤ' ਪ੍ਰੋਗਰਾਮ ਦੇ 36ਵੇਂ ਸੰਸਕਰਣ ਵਿਚ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ, 'ਮੈਂ
ਕਦੇ ਵੀ ਇਹ ਨਹੀਂ ਕਿਹਾ ਕਿ ਮੇਰੇ ਮਨ ਦੀ ਗੱਲ ਹੈ। ਇਹ ਮਨ ਦੀ ਗੱਲ ਦੇਸ਼ਵਾਸੀਆਂ ਦੇ ਮਨ
ਨਾਲ ਜੁੜੀ ਹੋਈ ਹੈ, ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਤੁਹਾਨੂੰ ਸ਼ਾਇਦ ਮੈਂ
ਬਹੁਤ ਘੱਟ ਕਹਿ ਸਕਦਾ ਹਾਂ ਪਰ ਮੈਨੂੰ ਤਾਂ ਭਰਪੂਰ ਖ਼ਜ਼ਾਨਾ ਮਿਲ ਜਾਂਦਾ ਹੈ।' ਉਨ੍ਹਾਂ
ਕਿਹਾ, 'ਮੈਂ ਜ਼ਰੂਰ ਮੰਨਦਾ ਹਾਂ, ਹੁਣ ਤਿੰਨ ਸਾਲ ਮਗਰੋਂ ਸਮਾਜਕ ਖੇਤਰ ਦੇ ਮਾਹਰ,
ਯੂਨੀਵਰਸਿਟੀਆਂ, ਖੋਜ ਅਧਿਐਨ, ਮੀਡੀਆ ਮਾਹਰ ਜ਼ਰੂਰ ਇਸ ਦਾ ਵਿਸ਼ਲੇਸ਼ਣ ਕਰਨਗੇ। ਇਸ ਦੇ
ਮਜ਼ਬੂਤ ਪੱਖ ਅਤੇ ਕਮੀਆਂ ਨੂੰ ਉਜਾਗਰ ਕਰਨਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਵਿਚਾਰ
ਵਟਾਂਦਰਾ ਭਵਿੱਖੀ 'ਮਨ ਕੀ ਬਾਤ' ਲਈ ਵੀ ਜ਼ਿਆਦਾ ਲਾਹੇਵੰਦ ਹੋਵੇਗਾ। ਉਸ ਵਿਚ ਇਕ ਨਵੀਂ
ਚੇਤਨਾ, ਨਵੀਂ ਊਰਜਾ ਮਿਲੇਗੀ।' ਮੋਦੀ ਨੇ ਕਿਹਾ ਕਿ ਵੰਨ-ਸੁਵੰਨਤਾ ਵਿਚ ਏਕਛਾ ਮਹਿਜ਼
ਨਾਹਰਾ ਨਹੀਂ ਹੈ। ਉਨ੍ਹਾਂ ਭਾਰਤੀਆਂ ਨੂੰ ਕਿਹਾ ਕਿ ਵਿਦੇਸ਼ ਘੁੰਮੋ ਵਰ ਦੇਸ਼ ਨੂੰ ਨਾ
ਭੁੱਲੋ। (ਏਜੰਸੀ)