ਮਨਜਿੰਦਰ ਸਿੰਘ ਸਿਰਸਾ ਦਾ ਆਸਟ੍ਰੇਲੀਆ ਦੇ ਗੁਰਦਵਾਰਾ ਸਾਹਿਬ 'ਚ ਸਨਮਾਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 2 ਨਵੰਬਰ (ਸੁਖਰਾਜ ਸਿੰਘ): ਭਾਰਤ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਆਸਟ੍ਰੇਲੀਆ ਦੇ ਗੁਰਦਵਾਰਾ ਗੁਰੂ ਨਾਨਕ ਸਿਖ ਟੈਂਪਲ ਇਨਾਲਾ ਵਿਖੇ ਸਨਮਾਨਤ ਕੀਤਾ ਗਿਆ।ਗੁਰਦਵਾਰਾ ਸਾਹਿਬ ਵਿਚ ਹੋਏ ਇਕ ਸਮਾਗਮ 'ਚ ਉਨ੍ਹਾਂ ਦੇ ਯੋਗਦਾਨ ਦੀ ਸਾਰੇ ਬੁਲਾਰਿਆਂ ਨੇ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ ਤੇ ਖਜਾਨਚੀ ਜਰਨੈਲ ਸਿੰਘ ਬਸੀ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਮੱਤਾ ਸਮਾਂ ਹੈ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਪਹਿਲਕਦਮੀ 'ਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵਲੋਂ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਆਨੰਦ ਮੈਰਿਜ ਐਕਟ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਸੰਸਦ ਨੇ 2012 ਵਿਚ ਇਹ ਐਕਟ ਪਾਸ ਕਰ ਦਿਤਾ ਸੀ ਪਰ ਸ. ਸਿਰਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਹੁਣ ਇਹ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋਣ ਦੇ ਰਾਹ ਪੈ ਗਿਆ ਹੈ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਮੌਕਾ ਹੈ ਜਦੋਂ ਇਹ ਐਕਟ ਸਿੱਖ ਬਹੁ ਗਿਣਤੀ ਵਾਲੇ ਰਾਜਾਂ ਵਿਚ ਲਾਗੂ ਹੋ ਚੁੱਕਾ ਹੈ ਤੇ ਇਸ ਦੀ ਬਦੌਲਤ ਹੁਣ ਸਿੱਖ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਦੇ ਤਹਿਤ ਕਰਵਾ ਸਕਦੇ ਹਨ। ਇਸ ਸਨਮਾਨ ਲਈ ਪਤਵੰਤਿਆਂ ਦਾ ਧਨਵਾਦ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਸੁਖਬੀਰ ਸਿੰਘ ਬਾਦਲ ਦੀ ਇੱਛਾ ਹੈ ਕਿ ਇਹ ਐਕਟ ਦੇਸ਼ ਦੇ  ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ 109 ਵਰ੍ਹੇ ਪੁਰਾਣਾ ਹੈ ਤੇ ਹੁਣ ਇਕ ਸਦੀ ਤੋਂ ਬਾਅਦ ਦੇਸ਼ ਦੇ ਸਿੱਖਾਂ ਨੂੰ ਇਹ ਮੌਕਾ ਮਿਲਿਆ ਹੈ ਕਿ ਉਹ ਇਸ ਐਕਟ ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣਗੇ ਜਿਸ ਦਾ ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ।