ਮੁਜ਼ੱਫਰਨਗਰ ਤੋਂ ਆਈ ਇੱਕ ਖ਼ਬਰ ਨੇ ਪੂਰੀ ਮਾਨਵਤਾ ਦੇ ਮੂੰਹ 'ਤੇ ਵੱਟ ਕੇ ਚਪੇਡ਼ ਮਾਰੀ ਹੈ। ਇੱਕ 21 ਸਾਲਾ ਲਡ਼ਕੀ ਦੇ ਸਾਮੂਹਿਕ ਬਲਾਤਕਾਰ ਦੇ ਦੋਸ਼ ਹੇਠ ਉਸਦੇ ਪਿਤਾ, ਭਰਾ ਅਤੇ ਦੋ ਚਾਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਲਡ਼ਕੀ ਨੂੰ ਆਪਣੇ ਹੀ ਪਿੰਡ ਦੇ ਇੱਕ 32 ਸਾਲ ਦੇ ਵਿਅਕਤੀ ਨਾਲ ਭੱਜ ਜਾਣ ਦੀ ਸਜ਼ਾ ਦਿੱਤੀ ਗਈ ਸੀ ਜਿਹਡ਼ਾ ਕਿ 3 ਬੱਚਿਆਂ ਦਾ ਬਾਪ ਹੈ। ਇਹ ਪ੍ਰੇਮੀ ਜੋਡ਼ਾ ਪਹਿਲਾਂ ਜੁਲਾਈ ਅਤੇ ਅਕਤੂਬਰ ਵਿੱਚ ਵੀ ਦੋ ਵਾਰ ਭੱਜ ਚੁੱਕਿਆ ਹੈ ਅਤੇ ਦੋਨੋ ਵਾਰ ਲਡ਼ਕੀ ਦੇ ਪਰਿਵਾਰ ਵੱਲੋਂ ਅਗਵਾ ਕਰਨ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਪਹਿਲੀ ਵਾਰ ਲਡ਼ਕੀ ਨੇ ਬਿਆਨ ਦਿੱਤਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ ਜਿਸ ਕਾਰਨ ਉਸਦੇ ਪ੍ਰੇਮੀ ਦਾ ਬਚਾਅ ਹੋ ਗਿਆ। ਅਕਤੂਬਰ ਵਿੱਚ ਦੂਜੀ ਵਾਰ ਇਸ ਲਡ਼ਕੀ ਨੇ ਆਪਣੇ ਹੀ ਪਰਿਵਾਰਿਕ ਮੈਂਬਰਾਂ ਉੱਤੇ ਸਮੂਹਿਕ ਬਲਾਤਕਾਰ ਅਤੇ ਜ਼ਬਰੀ ਗਰਭਪਾਤ ਦੇ ਦੋਸ਼ ਲਗਾਏ। ਅਦਾਲਤੀ ਹੁਕਮਾਂ 'ਤੇ ਲਡ਼ਕੀ ਦੇ ਪਿਤਾ, ਭਰਾ ਅਤੇ ਦੋ ਚਾਚਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲਡ਼ਕੀ ਦੀ ਮਾਂ ਆਪਣੇ ਪਤੀ, ਪੁੱਤਰ ਅਤੇ ਬਾਕੀਆਂ ਨੂੰ ਨਿਰਦੋਸ਼ ਕਹਿ ਕੇ ਲਡ਼ਕੀ ਦੁਆਰਾ ਆਪਣੇ ਪ੍ਰੇਮੀ ਦੇ ਬਹਿਕਾਵੇ ਵਿੱਚ ਆਉਣ ਦੀ ਗੱਲ ਕਹਿ ਰਹੀ ਹੈ।
'ਸੰਸਕ੍ਰਿਤੀ' ਦਾ ਹਵਾਲਾ ਦੇਣ ਵਾਲੇ ਦੇਸ਼ ਵਿੱਚ ਪਿਛਲੇ ਦਿਨਾਂ ਵਿੱਚ ਜਿਹੋ ਜਿਹੀਆਂ ਖਬਰਾਂ ਅਸੀਂ ਸੁਣੀਆਂ ਹਨ ਉਹ ਉਹ ਮਾਨਵਤਾ ਲਈ ਸ਼ਰਮਨਾਕ ਹਨ। ਕਦੀ 10-10 ਸਾਲ ਦੀਆਂ ਬੱਚੀਆਂ ਦੇ ਪਰਿਵਾਰਿਕ ਮੈਂਬਰਾਂ ਦੁਆਰਾ ਬਲਾਤਕਾਰ, ਕਦੀ ਸਕੇ ਬਾਪ ਦੁਆਰਾ ਆਪਣੀ ਹੀ ਧੀ ਨਾਲ ਸਰੀਰਕ ਸੰਬੰਧ ਬਣਾਉਣ, ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਮਾਸੂਮ ਲਡ਼ਕੀਆਂ ਅਤੇ ਲਡ਼ਕਿਆਂ ਨਾਲ ਵੀ ਕੁਕਰਮ, ਲਿਸਟ ਬਡ਼ੀ ਲੰਬੀ ਹੈ। 21 ਵੀਂ ਸਦੀ ਵੱਲ੍ਹ ਵਧ ਰਹੇ 'ਡਿਜੀਟਲ ਇੰਡੀਆ' ਦੀ ਹਾਲੀਆ ਤਸਵੀਰ ਕੋਈ ਵੀ ਭਾਰਤੀ ਆਪਣੇ ਘਰ ਵਿੱਚ ਮਨਜ਼ੂਰ ਨਹੀਂ ਕਰ ਸਕਦਾ।
ਤਾਜ਼ਾ ਮਾਮਲਾ ਅਸੀਂ ਦੋਨਾ ਪੱਖਾਂ ਤੋਂ ਦੇਖਦੇ ਹਾਂ। ਪਹਿਲੀ ਗੱਲ ਜੇਕਰ ਆਪਣੀ ਧੀ ਜਾਂ ਭੈਣ ਨੂੰ ਸਜ਼ਾ ਦੇਣ ਲਈ ਬਲਾਤਕਾਰ ਕੀਤਾ ਜਾਂਦਾ ਹੈ ਤਾਂ ਇਨਸਾਨੀ ਰਿਸ਼ਤਿਆਂ ਦੀ ਹੋਂਦ ਖ਼ਤਮ ਮੰਨੀ ਜਾਣੀ ਚਾਹੀਦੀ ਹੈ ਜਿਸਨੂੰ ਅਸੀਂ ਜਾਨਵਰਾਂ ਦਾ ਜੰਗਲ ਰਾਜ ਹੀ ਕਹਾਂਗੇ। ਦੂਜੀ ਗੱਲ ਜੇਕਰ ਧੀ ਆਪਣੇ ਤੋਂ 10-12 ਸਾਲ ਵੱਡੇ ਅਤੇ 3 ਬੱਚਿਆਂ ਦੇ ਪ੍ਰੇਮੀ ਪਿੱਛੇ ਲੱਗ ਆਪਣੇ ਪਰਿਵਾਰ 'ਤੇ ਐਸੇ ਗ਼ੈਰ-ਇਖ਼ਲਾਕੀ ਇਲਜ਼ਾਮ ਲਗਾਉਂਦੀ ਹੈ ਤਾਂ ਕੋਈ ਵੀ ਸੱਭਿਅਕ ਮਾਂ-ਬਾਪ ਧੀਆਂ ਜੰਮਣ ਦੀ ਹਿੰਮਤ ਨਹੀਂ ਕਰ ਸਕੇਗਾ। ਅਜਿਹੀ ਹਾਲਤ ਵਿੱਚ ਕੰਨਿਆ ਭਰੂਣ ਹੱਤਿਆ 'ਤੇ ਕਦੀ ਰੋਕ ਲੱਗ ਹੀ ਨਹੀਂ ਸਕੇਗੀ।