ਨਵੀਂ
ਦਿੱਲੀ, 17 ਸਤੰਬਰ : ਦੇਸ਼ ਦੇ ਪਹਿਲੇ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਜਿਨ੍ਹਾਂ ਦਾ ਕਲ 98
ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ, ਉਸ ਸਮੇਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਸਨ ਜਦ ਹਵਾਈ
ਫ਼ੌਜ ਨੇ 1965 ਵਿਚ ਪਹਿਲੀ ਵਾਰ ਜੰਗ ਵਿਚ ਹਿੱਸਾ ਲਿਆ। ਜੰਗ ਸ਼ੁਰੂ ਹੋਣ ਸਮੇਂ ਰਖਿਆ
ਮੰਤਰੀ ਯਸ਼ਵੰਤ ਰਾਉ ਚਵਾਨ ਨੇ ਅਰਜਨ ਸਿੰਘ ਨੂੰ ਅਪਣੇ ਦਫ਼ਤਰ ਵਿਚ ਬੁਲਾਇਆ। ਉਨ੍ਹਾਂ ਨੂੰ
ਪੁਛਿਆ ਕਿ ਏਅਰਫ਼ੋਰਸ ਕਿੰਨੀ ਦੇਰ ਵਿਚ ਫ਼ੌਜ ਦੀ ਮਦਦ ਲਈ ਪਹੁੰਚ ਸਕਦੀ ਹੈ ਤਾਂ ਅਰਜਨ ਸਿੰਘ
ਨੇ ਜਵਾਬ ਦਿਤਾ, 'ਇਕ ਘੰਟੇ ਵਿਚ।' ਪਰ ਮਹਿਜ਼ 26 ਮਿੰਟ ਬਾਅਦ ਭਾਰਤੀ ਲੜਾਕੂ ਜਹਾਜ਼
ਪਾਕਿਸਤਾਨ ਵਲ ਉਡਾਨ ਭਰ ਚੁਕੇ ਸਨ।
ਅਰਜਨ ਸਿੰਘ ਨੂੰ ਉਹ ਜੰਗ ਛੇਤੀ ਖ਼ਤਮ ਹੋਣ ਦਾ
ਸਦਾ ਹੀ ਅਫ਼ਸੋਸ ਰਿਹਾ। ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਸੀ, 'ਪਾਕਿਸਤਾਨ ਨਾਲ ਜੰਗ ਲੰਮੀ
ਚਲਦੀ ਤਾਂ ਪਾਕਿਸਤਾਨ ਨੂੰ ਮਿਟਾ ਦੇਣਾ ਸੀ।' ਅਰਜਨ ਸਿੰਘ ਦੂਜੀ ਸੰਸਾਰ ਜੰਗ ਤੋਂ ਲੈ ਕੇ
ਅਪਣੀ ਆਖ਼ਰੀ ਜੰਗ ਤਕ ਅਜਿੱਤ ਰਹੇ। ਉਨ੍ਹਾਂ ਨੇ ਕਿਹਾ ਸੀ, 'ਮੇਰਾ ਜਨਮ ਲਾਇਲਪੁਰ ਵਿਚ
ਹੋਇਆ। ਘਰ ਲਾਹੌਰ-ਕਰਾਚੀ ਏਅਰ ਰੂਟ ਵਿਚ ਸੀ। ਜਹਾਜ਼ ਉਡਦਾ ਵੇਖ ਕੇ ਪਾਇਲਟ ਬਣਨ ਦਾ ਸੁਪਨਾ
ਮੈਂ ਉਥੇ ਹੀ ਵੇਖਿਆ ਸੀ। ਮੈਨੂੰ 1938 ਵਿਚ ਮਹਿਜ਼ 19 ਸਾਲ ਦੀ ਉਮਰ ਵਿਚ ਫ਼ਲਾਈਟ ਕੈਡੇਟ
ਚੁਣਿਆ ਗਿਆ। ਟਰੇਨਿੰਗ ਦੋ ਸਾਲ ਦੀ ਸੀ ਪਰ ਇਸ ਤੋਂ ਪਹਿਲਾਂ ਹੀ ਦੂਜੀ ਸੰਸਾਰ ਜੰਗ ਛਿੜ
ਗਈ ਅਤੇ ਮੈਨੂੰ ਜੰਗ ਵਿਚ ਭੇਜ ਦਿਤਾ ਗਿਆ।'
ਉਨ੍ਹਾਂ ਕਿਹਾ ਸੀ, 'ਮੈਨੂੰ ਇਸ ਗੱਲ
ਦਾ ਅਫ਼ਸੋਸ ਵੀ ਹੈ ਕਿ ਜਦ ਅਸੀਂ 1965 ਦੀ ਜੰਗ ਜਿੱਤ ਚੁਕੇ ਸੀ ਅਤੇ ਪਾਕਿਸਤਾਨ ਨੂੰ
ਤਬਾਹ ਕਰਨ ਦੀ ਹਾਲਤ ਵਿਚ ਸੀ ਤਾਂ ਜੰਗਬੰਦੀ ਹੋ ਗਈ ਜਦਕਿ ਉਸ ਵਕਤ ਪਾਕਿਸਤਾਨ ਦੇ ਕਿਸੇ
ਵੀ ਹਿੱਸੇ ਨੂੰ ਨਸ਼ਟ ਕਰ ਸਕਦੇ ਸੀ। ਸਾਡੇ ਕੋਲ ਮੇਹਰ ਸਿੰਘ ਅਤੇ ਕੇ ਕੇ ਮਜਮੂਦਾਰ ਜਿਹੇ
ਕਮਾਲ ਦੇ ਪਾਇਲਟ ਸਨ ਜਦਕਿ ਪਾਕਿਸਤਾਨ ਅੰਬਾਲਾ ਪਾਰ ਕਰਨ ਦੀ ਹਾਲਤ ਵਿਚ ਨਹੀਂ ਸੀ। ਸਾਡੇ
ਸਿਆਸੀ ਆਗੂਆਂ ਨੇ ਜੰਗ ਖ਼ਤਮ ਕਰਨ ਦਾ ਫ਼ੈਸਲਾ ਲਿਆ।' (ਏਜੰਸੀ)