ਮੁੰਬਈ, 30 ਸਤੰਬਰ : 'ਸ਼ਤਰੰਜ ਕੇ ਖਿਲਾੜੀ',
'ਜਨੂੰਨ' ਅਤੇ 'ਕ੍ਰਾਂਤੀ' ਜਿਹੀਆਂ ਮਕਬੂਲ ਫ਼ਿਲਮਾਂ ਵਿਚ ਪ੍ਰਭਾਵਸ਼ਾਲੀ ਕਿਰਦਾਰ ਨਿਭਾਉਣ
ਵਾਲੇ ਥੀਏਟਰ, ਫ਼ਿਲਮ ਅਤੇ ਟੀਵੀ ਅਦਾਕਾਰ ਟਾਮ ਆਲਟਰ ਦਾ ਦੇਹਾਂਤ ਹੋ ਗਿਆ ਹੈ। ਉਹ 66 ਸਾਲ
ਦੇ ਸਨ।
ਪਰਵਾਰ ਵਾਲਿਆਂ ਨੇ ਦਸਿਆ ਕਿ ਆਲਟਰ ਨੇ ਕਲ ਰਾਤ ਅਪਣੇ ਘਰ ਵਿਚ ਆਖ਼ਰੀ ਸਾਹ
ਲਿਆ। ਉਹ ਚਮੜੀ ਦੇ ਕੈਂਸਰ ਤੋਂ ਪੀੜਤ ਸਨ। ਪਿਛਲੇ ਸਾਲ ਕੈਂਸਰ ਦਾ ਪਤਾ ਲੱਗਣ ਮਗਰੋਂ
ਇਲਾਜ ਸ਼ੁਰੂ ਹੋਇਆ ਸੀ। ਇਸ ਮਹੀਨੇ ਉਨ੍ਹਾਂ ਦੀ ਇਹ ਬੀਮਾਰੀ ਫਿਰ ਉਭਰ ਆਈ ਅਤੇ ਉਨ੍ਹਾਂ
ਨੂੰ ਸੈਫ਼ੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰਵਾਰ ਨੇ ਬਿਆਨ ਜਾਰੀ ਕਰ ਕੇ ਕਿਹਾ,
'ਬਹੁਤ ਦੁੱਖ ਨਾਲ ਦਸਣਾ ਪੈ ਰਿਹਾ ਹੈ ਕਿ ਅਭਿਨੇਤਾ, ਲੇਖਕ, ਨਿਰਦੇਸ਼ਕ, ਪਦਮਸ੍ਰੀ
ਪੁਰਸਕਾਰ ਨਾਲ ਸਨਮਾਨਤ ਆਲਟਰ ਦਾ ਸ਼ੁਕਰਵਾਰ ਰਾਤ ਨੂੰ ਪਰਵਾਰਕ ਜੀਆਂ ਅਤੇ ਰਿਸ਼ਤੇਦਾਰਾਂ ਦੀ
ਹਾਜ਼ਰੀ ਵਿਚ ਦੇਹਾਂਤ ਹੋ ਗਿਆ।'
ਆਲਟਰ ਦੇ ਬੇਟੇ ਜੈਮੀ ਨੇ ਦਸਿਆ ਕਿ ਉਨ੍ਹਾਂ ਦੇ
ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਦਾਹ ਸਸਕਾਰ ਕੀਤਾ ਜਾਵੇ, ਇਸ ਲਈ ਦਾਹ ਸਸਕਾਰ ਕੀਤਾ
ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਟਰ ਦੇ
ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਆਲਟਰ ਨੇ 1972-74 ਦੌਰਾਨ ਪੁਣੇ ਦੀ ਫ਼ਿਲਮ ਸੰਸਥਾ
ਵਿਚ ਪੜ੍ਹਾਈ ਕੀਤੀ। ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ਰਾਮਾਨੰਦ ਸਾਗਰ ਦੀ 'ਚਰਸ' ਸੀ
ਜਿਹੜੀ 1976 ਵਿਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿਚ ਉਹ ਟੈਕਸ ਅਧਿਕਾਰੀ ਸਨ।
ਟੈਲੀਵਿਜ਼ਨ
ਦੀ ਦੁਨੀਆਂ ਵਿਚ ਆਲਟਰ ਨੇ 'ਭਾਰਤ ਇਕ ਖੋਜ' ਤੋਂ ਲੈ ਕੇ 'ਸ਼ਕਤੀਮਾਨ' ਵਿਚ ਕੰਮ ਕੀਤਾ।
ਉਨ੍ਹਾਂ ਦੀ ਆਖ਼ਰੀ ਫ਼ਿਲਮ 'ਸਰਗੋਸ਼ੀਆਂ' ਸੀ। ਉਹ ਖੇਡ ਪੱਤਰਕਾਰ ਵੀ ਸਨ। ਆਲਟਰ ਦੇ ਪਰਵਾਰ
ਵਿਚ ਪਤਨੀ ਕੈਰੋਲ, ਬੇਟਾ ਜੈਮੀ ਅਤੇ ਬੇਟੀ ਅਫ਼ਸ਼ਾਨ ਹਨ।
ਅਮਰੀਕੀ ਮਿਸ਼ਨਰੀ ਜੋੜੇ ਦੇ ਪੁੱਤਰ ਸਨ
ਆਲਟਰ
ਦੇ ਮਾਤਾ ਪਿਤਾ ਅਮਰੀਕੀ ਮਿਸ਼ਨਰੀ ਸਨ। ਉਨ੍ਹਾਂ ਦਾ ਜਨਮ 1950 ਵਿਚ ਮਸੂਰੀ ਵਿਚ ਹੋਇਆ
ਸੀ। ਉਹ ਜਦ ਹਰਿਆਣਾ ਦੇ ਜਗਾਧਰੀ ਦੇ ਸਕੂਲ ਵਿਚ ਪੜ੍ਹਾ ਰਹੇ ਸਨ ਤਦ ਉਨ੍ਹਾਂ ਨੇ ਰਾਜੇਸ਼
ਖੰਨਾ ਅਤੇ ਸ਼ਰਮੀਲਾ ਟੈਗੋਰ ਦੀ ਫ਼ਿਲਮ 'ਅਰਾਧਨਾ' ਵੇਖੀ ਅਤੇ ਉਨ੍ਹਾਂ 'ਤੇ ਅਦਾਕਾਰੀ ਦਾ
ਭੂਤ ਸਵਾਰ ਹੋ ਗਿਆ। ਕਈ ਲੋਕਾਂ ਨੂੰ ਲਗਦਾ ਹੈ ਕਿ ਆਲਟਰ ਬਾਲੀਵੁਡ ਵਿਚ ਕਿਸੇ ਬਰਤਾਨਵੀ
ਚਰਿੱਤਰ ਨੂੰ ਪੇਸ਼ ਕਰਨ ਤਕ ਹੀ ਸੀਮਤ ਕਰ ਦਿਤੇ ਗਏ ਸਨ ਪਰ ਉਨ੍ਹਾਂ ਨੇ ਵੱਖ ਵੱਖ ਯਾਦਗਾਰੀ
ਕਿਰਦਾਰ ਨਿਭਾਏ। (ਏਜੰਸੀ)