ਮੰਤਰੀਆਂ ਤੋਂ ਪਹਿਲਾਂ ਮਿਲੇਗੀ ਮੁਲਾਜ਼ਮਾਂ ਨੂੰ ਤਨਖ਼ਾਹ : ਮਨਪ੍ਰੀਤ ਬਾਦਲ

ਖ਼ਬਰਾਂ, ਰਾਸ਼ਟਰੀ

ਬਠਿੰਡਾ, 3 ਸਤੰਬਰ (ਸੁਖਜਿੰਦਰ ਮਾਨ) : ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਦੀ ਗੱਲ ਸਵੀਕਾਰਦਿਆਂ ਦਾਅਵਾ ਕੀਤਾ ਹੈ ਕਿ ''ਮੰਤਰੀਆਂ ਨੂੰ ਤਨਖ਼ਾਹ ਬਾਅਦ ਵਿਚ ਜਾਰੀ ਕੀਤੀ ਜਾਵੇਗੀ ਪ੍ਰੰਤੂ ਮੁਲਾਜ਼ਮਾਂ ਨੂੰ ਪਹਿਲਾਂ ਤਨਖ਼ਾਹ ਮਿਲੇਗੀ।''
ਅੱਜ ਬਠਿੰਡਾ ਸ਼ਹਿਰ 'ਚ ਦੌਰੇ 'ਤੇ ਆਏ ਵਿੱਤ ਮੰਤਰੀ ਸ. ਬਾਦਲ ਨੇ ਪੰਜਾਬ 'ਚ ਲੱਖਾਂ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਦੀ ਗੱਲ ਮੰਨਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਲੋ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਜੋਂ ਕਰੀਬ 900 ਕਰੋੜ ਰੁਪਇਆ ਆਉਣਾ ਸੀ ਪ੍ਰੰਤੂ ਉਹ ਲੇਟ ਹੋ ਗਿਆ, ਇਸ ਲਈ ਕੇਂਦਰ ਨੂੰ ਚਿੱਠੀ ਵੀ ਲਿਖੀ ਗਈ ਹੈ। ਮਨਪ੍ਰੀਤ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਹਿਤਾਂ ਉਪਰ ਆਂਚ ਨਾ ਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਮੰਤਰੀਆਂ ਨੂੰ ਤਨਖ਼ਾਹਾਂ ਬਾਅਦ ਵਿਚ ਜਾਰੀ ਕਰ ਦਿਤੀਆਂ ਜਾਣ ਪ੍ਰੰਤੂ ਪਹਿਲਾਂ ਮੁਲਾਜ਼ਮਾਂ ਨੂੰ ਪੈਸਾ ਜਾਰੀ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿਤਾ ਕਿ 7 ਸਤੰਬਰ ਤਕ ਸਮੂਹ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਕਰ ਦਿਤੀ ਜਾਵੇਗੀ।
ਸ਼ਹਿਰ 'ਚ ਵੱਖ-ਵੱਖ ਥਾਂ ਕਾਂਗਰਸੀਆਂ ਵਲੋਂ ਰੱਖੇ ਪ੍ਰੋਗਰਾਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਤ ਮੰਤਰੀ ਸ: ਬਾਦਲ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਕਿਹਾ ਕਿ  ਡਾ. ਟੀ. ਹੱਕ ਵਲੋਂ ਦਿਤੀ ਜਾਣ ਵਾਲੀ ਰੀਪੋਰਟ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ, ਜਿਸ ਤੋਂ ਬਾਅਦ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਇਸ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਜਾਵੇਗਾ। ਮਨਪ੍ਰੀਤ ਨੇ ਇਸ ਮੌਕੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਚੋਣ ਮਨੋਰਥ ਪੱਤਰ ਵਿਚ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਇਨ-ਬਿਨ ਪੂਰਾ ਕੀਤਾ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਦਿੱਕਤਾਂ ਦਾ ਵੀ ਜਲਦੀ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸ਼ਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ, ਕਚਰਾ ਪਲਾਂਟ ਨੂੰ ਬਾਹਰ ਤਬੀਦਲ ਕਰਨਾ, ਵੱਡੇ ਪਾਰਕ ਬਣਾਉਣੇ ਆਦਿ ਮੁੱਦਿਆਂ ਨੂੰ ਇਸੇ ਵਿਤੀ ਸਾਲ ਵਿਚ ਨੇਪਰੇ ਚਾੜ੍ਹ ਦਿਤਾ ਜਾਵੇਗਾ।
ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ ਯਾਤਰਾ ਤੋਂ ਬਾਅਦ ਜਲਦੀ ਹੀ ਉਨ੍ਹਾਂ ਦੇ ਹੱਥੋਂ ਇਥੇ ਇਕ ਵੱਡੇ ਕਾਰਖ਼ਾਨੈ ਦਾ ਨੀਂਹ ਪੱਥਰ ਵੀ ਰਖਵਾਇਆ ਜਾਵੇਗਾ, ਜਿਸ ਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੱਡੀ ਪੱਧਰ 'ਤੇ ਰੁਜ਼ਗਾਰ ਮਿਲੇਗਾ ਅਤੇ ਇਥੋਂ ਦੀ ਆਰਥਿਕ ਉਨਤੀ ਵੀ ਹੋਵੇਗੀ। ਇਸ ਮੌਕੇ ਉਨ੍ਹਾਂ ਅੱਧੀ ਦਰਜਨ ਤੋਂ ਵੱਧ ਕਾਂਗਰਸੀਆਂ ਆਗੂਆਂ ਦੇ ਘਰ ਫੇਰੀ ਪਾਈ ਤੇ ਕਈ ਪ੍ਰਵਾਰਾਂ ਨਾਲ ਦੁੱਖ ਪ੍ਰਗਟਾਏ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਵਿਤ ਮੰਤਰੀ ਦੇ ਦੌਰੇ ਦੌਰਾਨ ਕਾਂਗਰਸੀ ਆਗੂ ਰਾਜਨ ਗਰਗ, ਅਰੁਣ ਵਧਾਵਨ, ਰਾਜ ਨੰਬਰਦਾਰ, ਰਾਜੂ ਭੱਠੇਵਾਲਾ, ਅਸਵਨੀ ਬੰਟੀ ਆਦਿ ਹਾਜ਼ਰ ਸਨ।