ਮੰਤਰੀ ਝੂਠ ਹੀ ਬੋਲਦੇ ਰਹੇ ਕਿ ਜੈਲਲਿਤਾ ਠੀਕ ਹੈ, ਇਡਲੀ ਖਾ ਰਹੀ ਹੈ ਤੇ ਚਾਹ ਪੀ ਰਹੀ ਹੈ

ਖ਼ਬਰਾਂ, ਰਾਸ਼ਟਰੀ



ਮਦੁਰੈ, 23 ਸਤੰਬਰ : ਤਾਮਿਲਨਾਡੂ ਦੇ ਸੀਨੀਅਰ ਮੰਤਰੀ ਅਤੇ ਅੰਨਾ ਡੀ ਐਮ ਕੇ ਨੇਤਾ ਡਿੰਡੀਗੁਲ ਸ੍ਰੀਨਿਵਾਸਨ ਨੇ ਦਾਅਵਾ ਕੀਤਾ ਹੈ ਕਿ ਸ਼ਸ਼ੀਕਲਾ ਦੇ ਡਰ ਕਾਰਨ ਪਾਰਟੀ ਆਗੂਆਂ ਨੇ ਪਿਛਲੇ ਸਾਲ ਜੈਲਲਿਤਾ ਦੀ ਸਿਹਤ ਬਾਰੇ ਝੂਠ ਬੋਲਿਆ ਸੀ ਤਾਕਿ ਲੋਕਾਂ ਨੂੰ ਇਹ ਵਿਸ਼ਵਾਸ ਰਹੇ ਕਿ ਉਸ ਦੀ ਹਾਲਤ ਸੁਧਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਰਹੂਮ ਮੁੱਖ ਮੰਤਰੀ ਨੂੰ ਮਿਲਣ ਦੀ ਆਗਿਆ ਨਹੀਂ ਦਿਤੀ ਗਈ। ਜਿਹੜਾ ਵੀ ਉਥੇ ਜਾਂਦਾ ਸੀ, ਸ਼ਸ਼ੀਕਲਾ ਦੇ ਰਿਸ਼ਤੇਦਾਰ ਉਸ ਨੂੰ ਕਹਿੰਦੇ ਕਿ ਉਹ ਠੀਕ ਹੈ।

       ਸ੍ਰੀਨਿਵਾਸਨ ਨੇ ਕਲ ਦੇਰ ਰਾਤ ਕਿਸੇ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਜੈਲਲਿਤਾ ਦੀ ਸਿਹਤ ਬਾਰੇ ਝੂਠ ਬੋਲਣ ਲਈ ਪਾਰਟੀ ਕਾਰਕੁਨਾਂ ਅਤੇ ਲੋਕਾਂ ਤੋਂ ਮਾਫ਼ੀ ਮੰਗਦੇ ਹਨ। ਜੈਲਲਿਤਾ ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿਚ 22 ਸਤੰਬਰ 2016 ਨੂੰ ਭਰਤੀ ਕਰਾਇਆ ਗਿਆ ਸੀ। ਪੰਜ ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਸ੍ਰੀਨਿਵਾਸਨ ਨੇ ਕਿਹਾ, 'ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ ਹਾਂ। ਕ੍ਰਿਪਾ ਕਰ ਕੇ ਮੈਨੂੰ ਮਾਫ਼ ਕਰ ਦਿਉ। ਅਸੀਂ ਇਹ ਝੂਠ ਬੋਲਿਆ ਕਿ ਅੰਮਾ ਸਾਂਬਰ, ਚਟਣੀ ਖਾ ਰਹੀ ਹੈ, ਚਾਹ ਵੀ ਪੀ ਰਹੀ ਹੈ। ਇਹ ਝੂਠ ਇਸ ਲਈ ਬੋਲਿਆ ਤਾਕਿ ਤੁਸੀਂ ਇਸ ਵਿਸ਼ਵਾਸ ਵਿਚ ਰਹੋ ਕਿ ਉਸ ਦੀ ਹਾਲਤ ਸੁਧਰ ਰਹੀ ਹੈ। ਅਸਲ ਵਿਚ ਕਿਸੇ ਨੇ ਵੀ ਅੰਮਾ ਨੂੰ ਇਡਲੀ ਖਾਂਦਿਆਂ ਜਾਂ ਚਾਹ ਪੀਂਦਿਆਂ ਨਹੀਂ ਵੇਖਿਆ ਸੀ। ਇਹ ਸੱਭ ਝੂਠ ਸੀ।'

       ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਕੁੱਝ ਆਗੂਆਂ ਦੇ ਹਸਪਤਾਲ ਵਿਚ ਜੈਲਲਿਤਾ ਨੂੰ ਮਿਲਣ ਦੀਆਂ ਖ਼ਬਰਾਂ ਅਤੇ ਉਨ੍ਹਾਂ ਦੇ ਬਿਆਨ ਕਿ ਉਨ੍ਹਾਂ ਦੀ ਹਾਲਤ ਸੁਧਰ ਰਹੀ ਹੈ, ਗ਼ਲਤ ਸਨ। ਉਨ੍ਹਾਂ ਕਿਹਾ, 'ਅਸੀਂ ਸ਼ਸ਼ੀਕਲਾ ਤੋਂ ਡਰਦੇ ਸਾਂ ਅਤੇ ਅਸੀਂ ਜੈਲਲਿਤਾ ਦੀ ਸਿਹਤ ਬਾਰੇ ਝੂਠ ਬੋਲਿਆ।'       (ਏਜੰਸੀ)