'ਮੇਰੀ ਸਰਕਾਰ 'ਚ ਫ਼ੌਜੀਆਂ ਨੂੰ ਬਣਦਾ ਸਤਿਕਾਰ ਮਿਲੇਗਾ'

ਖ਼ਬਰਾਂ, ਰਾਸ਼ਟਰੀ


ਪਠਾਨਕੋਟ/ਗੁਰਦਾਸਪੁਰ, ਊਧਨਵਾਲ, 1 ਅਕਤੂਬਰ (ਹੇਮੰਤ ਨੰਦਾ, ਬਿਕਰਮਜੀਤ ਸਿੰਘ ਖ਼ਾਲਸਾ): ਦੇਸ਼ ਦੀ ਆਜ਼ਾਦੀ ਦੀ ਰਖਿਆ ਕਰਨ ਲਈ ਫ਼ੌਜੀਆਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਚ ਫ਼ੌਜੀਆਂ ਨੂੰ ਹਰ ਇਕ ਪ੍ਰਸ਼ਾਸਕੀ ਦਫ਼ਤਰ ਵਿਚ ਬਣਦਾ ਮਾਣ-ਸਤਿਕਾਰ ਮਿਲੇਗਾ ਭਾਵੇਂ ਉਹ ਤਹਿਸੀਲਾਂ ਹੋਣ ਜਾਂ ਫਿਰ ਪੁਲਿਸ ਥਾਣੇ। ਗੁਰਦਾਸਪੁਰ ਦੇ ਵਿਕਾਸ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਵੋਟ, ਵਿਕਾਸ ਲਈ ਵੋਟ ਹੋਵੇਗੀ।

ਅੱਜ ਇਥੇ ਸਾਬਕਾ ਫ਼ੌਜੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਤੁਹਾਡੇ ਵਲੋਂ ਦੇਸ਼ ਲਈ ਦਿਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ ਅਤੇ ਘੱਟੋ-ਘੱਟ ਇਹ ਮੇਰੀ ਸਰਕਾਰ ਵਿਚ ਤਾਂ ਹੋ ਹੀ ਨਹੀਂ ਸਕਦਾ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਵਿਚ ਤੁਹਾਨੂੰ ਪੂਰਾ ਸਤਿਕਾਰ ਅਤੇ ਨਿਆਂ ਮਿਲੇਗਾ।'' ਗੁਰਦਾਸਪੁਰ ਉਪ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਸਾਬਕਾ ਫ਼ੌਜੀਆਂ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਸ ਖ਼ਿੱਤੇ ਲਈ ਸੱਭ ਤੋਂ ਵਧੀਆ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਉਹ ਇਕ ਵਧੀਆ ਮਨੁੱਖ ਹਨ ਅਤੇ ਉਹ ਲੋਕ ਸਭਾ ਵਿਚ ਗੁਰਦਾਸਪੁਰ ਖ਼ਿੱਤੇ ਦੇ ਲੋਕਾਂ ਦੇ ਅਧਿਕਾਰਾਂ ਲਈ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਖੜ ਦੀ ਦਿੱਲੀ ਵਿਖੇ ਹੋਂਦ ਨਾਲ ਕਾਂਗਰਸ ਦੀ ਸੰਸਦ ਵਿਚ ਸ਼ਕਤੀ ਵਧੇਗੀ ਜਿਥੋਂ ਲੋਕਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਜਾ ਸਕੇਗੀ।

ਜਾਖੜ ਦੇ 'ਬਾਹਰੀ' ਹੋਣ ਦੇ ਵਿਰੋਧੀ ਧਿਰ ਦੇ ਭੰਡੀ ਪ੍ਰਚਾਰ ਨੂੰ ਰੱਦ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀਆਂ ਦੀ ਵਜ੍ਹਾ ਕਾਰਨ ਪੰਜਾਬ ਇਕ ਛੋਟੇ ਜਹੇ ਸੂਬੇ ਤਕ ਸੀਮਤ ਹੋ ਗਿਆ ਹੈ।  ਜਾਖੜ ਨੂੰ ਦਿਤੀ ਗਈ ਵੋਟ ਵਿਕਾਸ ਲਈ ਵੋਟ ਹੋਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਖ਼ਿੱਤੇ ਦੇ ਸਨਅਤੀਕਰਨ ਵਾਸਤੇ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਹਨ ਅਤੇ ਪ੍ਰਸਤਾਵਤ ਸਨਅਤੀ ਨੀਤੀ ਵਿੱ ਇਸ 'ਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਅਪਣੀ ਸਰਕਾਰ ਦੀ 'ਗਾਰਡੀਅਨ ਆਫ਼ ਗਵਰਨੈਂਸ' (ਜੀ.ਓ.ਜੀ.) ਸਕੀਮ ਦਾ ਜ਼ਿਕਰ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੀ ਸਵੈ-ਇੱਛਤ ਫ਼ੋਰਸ ਸਾਰੀਆਂ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਈਮਾਨਦਾਰੀ ਅਤੇ ਸੰਜੀਦਗੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏਗੀ ਜਿਸ ਨਾਲ ਇਨ੍ਹਾਂ ਸਕੀਮਾਂ ਦਾ ਲਾਭ ਸੱਭ ਤੋਂ ਵੱਧ ਹੱਕਦਾਰ ਲੋਕਾਂ ਤਕ ਪਹੁੰਚ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਫ਼ੌਜੀਆਂ ਦੇ ਬੱਚਿਆਂ ਵਾਸਤੇ ਇਕ ਸੈਨਿਕ ਸਕੂਲ ਸਥਾਪਤ ਕਰੇਗੀ ਅਤੇ ਮਾਝਾ ਤੇ ਮਾਲਵਾ 'ਚ ਦੋ ਸਿਖਲਾਈ ਇੰਸਟੀਚਿਊਟ ਬਣਾਏ ਜਾਣਗੇ। ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰੇ ਦੇ ਸਮਾਗਮ ਵਿਚ ਹਾਜ਼ਰ ਹੋਏ। ਦੁਸਹਿਰਾ ਗਰਾਊਂਡ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਕੋ ਇਕ ਏਜੰਡਾ ਨਸ਼ਿਆਂ ਅਤੇ ਜ਼ੁਰਮਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ। ਦੁਸਹਿਰੇ ਮੌਕੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ, ਵਿਧਾਇਕ ਅਮਿਤ ਵਿਜ ਅਤੇ ਜੋਗਿੰਦਰ, ਡੀ.ਡੀ.ਸੀ. ਦੇ ਪ੍ਰਧਾਨ ਅਨਿਲ ਵਿਜ, ਸਾਬਕਾ ਵਿਧਾਇਕ ਰਮਨ ਭੱਲਾ, ਸੁਖਦੇਵ ਵਡੇਰਾ ਅਤੇ ਵਿਭੂਤੀ ਸ਼ਰਮਾਂ ਵੀ ਹਾਜ਼ਰ ਸਨ।