ਮੀਂਹ ਮਗਰੋਂ ਮੁੜ ਲੀਹ 'ਤੇ ਆ ਰਿਹੈ ਮੁੰਬਈ

ਖ਼ਬਰਾਂ, ਰਾਸ਼ਟਰੀ

ਮੁੰਬਈ, 30 ਅਗੱਸਤ : ਮੀਂਹ ਰੁਕਣ ਤੋਂ ਬਾਅਦ ਹੁਣ ਮੁੰਬਈ 'ਚ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ ਅਤੇ ਇਥੇ ਫਸੇ ਹਜ਼ਾਰਾਂ ਯਾਤਰੀ ਵਾਪਸ ਅਪਣੇ ਘਰਾਂ ਨੂੰ ਪਰਤ ਰਹੇ ਹਨ। ਮਹਾਂਨਗਰ 'ਚ ਰੇਲ ਸੇਵਾਵਾਂ ਕਾਫ਼ੀ ਹੱਦ ਤਕ ਬਹਾਲ ਹੋ ਗਈਆਂ ਹਨ। ਇਕ ਦਿਨ ਪਹਿਲਾਂ ਭਾਰੀ ਮੀਂਹ ਕਾਰਨ ਮੁੰਬਈ ਜਲ-ਥਲ ਹੋ ਗਈ ਸੀ। ਮੀਂਹ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਕਲ ਦੇ ਮੁਕਾਬਲੇ ਅੱਜ ਮੁੰਬਈ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਥੋੜਾ ਘੱਟ ਪਿਆ। ਕੁੱਝ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ।
ਪਛਮੀ, ਮੱਧ ਅਤੇ ਹਾਰਬਰ ਲਾਈਨ ਅਤੇ ਮੁੱਖ ਲਾਈਨ 'ਤੇ ਰੇਲ ਸੇਵਾਵਾਂ ਚੱਲ ਰਹੀਆਂ ਹਨ ਪਰ ਰਫ਼ਤਾਰ ਕਾਫ਼ੀ ਘੱਟ ਹੈ। ਕਈ ਥਾਵਾਂ 'ਤੇ ਰੇਲ ਪਟੜੀਆਂ ਹਾਲੇ ਵੀ ਪਾਣੀ 'ਚ ਡੁੱਬੀਆਂ ਹਨ, ਇਸ ਲਈ ਲੋਕਲ ਰੇਲਾਂ ਰੁਕ-ਰੁਕ ਕੇ ਚੱਲ ਰਹੀਆਂ ਹਨ। ਸੜਕੀ ਆਵਾਜਾਈ ਵੀ ਆਮ ਵਾਂਗ ਹੋ ਗਈ ਹੈ। ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਮਹਾਰਾਸ਼ਟਰ ਸਰਕਾਰ ਦੇ ਦਫ਼ਤਰ ਅਤੇ ਸਿਖਿਆ ਸੰਸਥਾਵਾਂ ਬੰਦ ਰਹੀਆਂ। ਸ਼ਹਿਰ ਦੇ ਪ੍ਰਸ਼ਾਸਨ ਨੇ ਕਲ ਸ਼ਾਮ ਅਸਥਾਈ ਰੂਪ 'ਚ ਇਨ੍ਹਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਸ਼ਹਿਰ ਅਤੇ ਬਾਹਰੀ ਇਲਾਕਿਆਂ 'ਚ ਕਿਤੇ ਵੀ ਭਾਰੀ ਮੀਂਹ ਦੀ ਖ਼ਬਰ ਨਹੀਂ ਹੈ। ਅੱਜ ਸਵੇਰੇ ਅਸਮਾਨ ਵਿਚ ਬੱਦਲ ਲਗਭਗ ਸਾਫ਼ ਰਹੇ। ਫ਼ੌਜ ਨੇ ਕਈ ਥਾਵਾਂ 'ਤੇ ਸਮੂਹਕ ਰਸੋਈ ਅਤੇ ਫ਼ੂਡ ਕਾਊਂਟਰ ਖੋਲ੍ਹ ਕੇ ਇਧਰ-ਉਧਰ ਫਸੇ ਲੋਕਾਂ ਨੂੰ ਰਾਹਤ ਪਹੁੰਚਾਈ। ਮੁੰਬਈ 'ਚ ਕਲ 316 ਮਿਲੀਮੀਟਰ ਬਾਰਸ਼ ਹੋਈ ਜੋ 26 ਜੁਲਾਈ 2005 'ਚ ਹੋਈ ਰੀਕਾਰਡ 944 ਮਿ.ਮੀ. ਬਾਰਸ਼ ਦੇ ਬਾਅਦ ਸੱਭ ਤੋਂ ਜ਼ਿਆਦਾ ਹੈ। (ਏਜੰਸੀ)