ਮੀਸਾ-ਸ਼ੈਲੇਸ਼ ਵਿਰੁਧ ਦੂਜਾ ਦੋਸ਼ ਪੱਤਰ ਦਾਖ਼ਲ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 6 ਜਨਵਰੀ : ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦਾ ਪਰਵਾਰ ਮੁਸ਼ਕਲਾਂ ਵਿਚ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਕੇਸ ਵਿਚ ਲਾਲੂ ਦੀ ਬੇਟੀ ਮੀਸਾ ਭਾਰਤੀ ਅਤੇ ਉਸ ਦੇ ਪਤੀ ਵਿਰੁਧ ਅਨੁਪੂਰਕ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਚਾਰਾ ਘਪਲੇ ਨਾਲ ਜੁੜੇ ਮਾਮਲੇ ਵਿਚ ਅੱਜ ਭਾਰਤੀ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਿਸ ਮਗਰੋਂ ਹੁਣ ਈਡੀ ਨੇ ਅਨੁਪੂਰਕ ਚਾਰਜਸ਼ੀਟ ਦਾਖ਼ਲ ਕੀਤੀ। 23 ਦਸੰਬਰ ਨੂੰ ਈਡੀ ਦੇ ਵਕੀਲ ਨਿਤੀਸ਼ ਰਾਣਾ ਨੇ ਦਿੱਲੀ ਵਿਚ ਵਿਸ਼ੇਸ਼ ਜੱਜ ਐਨ ਕੇ ਮਲਹੋਤਰਾ ਦੀ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਜਾਂਚ ਏਜੰਸੀ ਨੇ ਮੀਸਾ 

ਭਾਰਤੀ ਅਤੇ ਉਸ ਦੇ ਪਤੀ ਵਿਰੁਧ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਦਿੱਲੀ ਦਾ ਇਕ ਫ਼ਾਰਮਹਾਊਸ ਜ਼ਬਤ ਕਰ ਲਿਆ ਸੀ। ਦਖਣੀ ਦਿੱਲੀ ਦੇ ਵਿਜਵਾਸਨ ਇਲਾਕੇ ਵਿਚ 26, ਪਾਲਮ ਫ਼ਾਰਮਸ ਵਿਚ ਸਥਿਤ ਇਸ ਫ਼ਾਰਮਹਾਊਸ ਨੂੰ ਕੁਰਕ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਫ਼ਾਰਮਹਾਊਸ ਮੀਸਾ ਅਤੇ ਸ਼ੈਲੇਸ਼ ਕੁਮਾਰ ਦਾ ਹੈ ਅਤੇ ਇਹ ਮਿਸ ਮਿਸ਼ੇਲ ਪੈਕਰਜ਼ ਐਂਡ ਪ੍ਰਿੰਟਰਜ਼ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਹੈ। ਈਡੀ ਨੇ ਦੋਸ਼ ਲਾਇਆ ਕਿ ਇਹ ਸਾਲ 2008-09 ਵਿਚ ਕਾਲੇ ਧਨ ਨੂੰ ਚਿੱਟਾ ਕਰਦਿਆਂ 1.2 ਕਰੋੜ ਰੁਪਏ ਨਾਲ ਖ਼ਰੀਦਿਆ ਗਿਆ। (ਏਜੰਸੀ)