ਮੋਦੀ ਦਾ ਕਾਂਗਰਸ ਉਤੇ ਅਸਿੱਧਾ ਵਾਰ ਵਿਰੋਧੀ ਧਿਰ 'ਚ ਕਿਸ ਤਰ੍ਹਾਂ ਰਹਿਣੈ ਅਜੇ ਤਕ ਸਮਝ ਨਹੀਂ ਆਇਆ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 25 ਸਤੰਬਰ: ਕਾਂਗਰਸ ਉਤੇ ਅਸਿੱਧਾ ਵਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਜਦੋਂ ਸੱਤਾ 'ਚ ਸੀ ਤਾਂ ਉਸ ਲਈ ਸੱਤਾ ਪ੍ਰਯੋਗ ਦੀ ਵਸਤੂ ਸੀ ਪਰ ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਵਿਰੋਧੀ ਧਿਰ 'ਚ ਕਿਸ ਤਰ੍ਹਾਂ ਰਹਿਣਾ ਹੈ।


ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ 'ਚ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁਧ ਅਪਣੀ ਲੜਾਈ 'ਚ ਉਹ ਕੋਈ ਸਮਝੌਤਾ ਨਹੀਂ ਕਰਨਗੇ ਅਤੇ ਇਸ 'ਚ ਜੋ ਫੜਿਆ ਜਾਵੇਗਾ ਉਹ ਬਚੇਗਾ ਨਹੀਂ।  ਭ੍ਰਿਸ਼ਟਾਚਾਰ ਵਿਰੁਧ ਅਪਣੇ ਸਖ਼ਤ ਰਵੱਈਏ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ।


ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿਤਾ ਕਿ ਕਈ ਵਾਰ ਵਿਰੋਧੀ ਪਾਰਟੀਆਂ ਵਲੋਂ ਕਾਫ਼ੀ ਕੁੜੱਤਣ ਭਰੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਦੋਂ ਸਰਕਾਰ ਉਤੇ ਕੋਈ ਸਪੱਸ਼ਟ ਦੋਸ਼ ਨਾ ਹੋਵੇ ਤਾਂ ਸਰਕਾਰ ਵਿਰੁਧ ਕੁੜੱਤਣ ਭਰੀ ਸ਼ਬਦਾਵਾਲੀ ਬਦਲ ਨਹੀਂ ਹੋ ਸਕਦਾ।


ਜ਼ਿਕਰਯੋਗ ਹੈ ਕਿ ਨੋਟਬੰਦੀ ਸਮੇਤ ਕਈ ਆਰਥਕ ਅਤੇ ਨੀਤੀਗਤ ਵਿਸ਼ਿਆਂ ਉਤੇ ਕਾਂਗਰਸ ਸਮੇਤ ਕੁੱਝ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਤੇ ਨਿਸ਼ਾਨਾ ਲਾਉਂਦੀਆਂ ਰਹੀਆਂ ਹਨ।  (ਪੀਟੀਆਈ)